ਸੰਗਰੂਰ:ਸੂਬੇ 'ਚ ਆਏ ਦਿਨ ਅਪਰਾਧਿਕ ਵਾਰਦਾਤਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਲੋਕ ਬੇਰਹਿਮ ਹੁੰਦੇ ਜਾ ਰਹੇ ਹਨ। ਅਜਿਹੀ ਬੇਰਹਿਮੀ ਦਾ ਇਕ ਮਾਮਲਾ ਅਹਿਮਦਗੜ੍ਹ ਨੇੜਲੇ ਪਿੰਡ ਮੋਰਾਂਵਾਲੀ ਵਿੱਚ ਸਾਹਮਣੇ ਆਇਆ ਹੈ, ਜਿਥੇ ਕਿਸਾਨ ਵੱਲੋਂ ਇੱਕ ਬੱਚੇ ਨੂੰ ਬੇਰਹਿਮੀ ਕੁੱਟਿਆ ਗਿਆ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਲੇਰਕੋਟਲਾ ਪੁਲਿਸ ਹਰਕਤ ਵਿੱਚ ਆ ਗਈ, ਜਿਸ ਨੇ ਮੁਲਜ਼ਮ ਦੀ ਪਛਾਣ ਕਰਕੇ ਉਸ ਖ਼ਿਲਾਫ਼ SCST ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਨੇ ਵੀ ਇਸ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਪੁਲਿਸ ਨੂੰ ਇਸ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਕਿਸਾਨ ਦੀ ਜ਼ਮੀਨ ਦੇ ਨਾਲ ਲੱਗਦੀ ਖਾਲੀ ਥਾਂ 'ਤੇ ਖੇਡਦੇ ਹੋਏ ਇਕ ਬੱਚੇ ਨੇ ਦੂਜੇ ਦੀ ਜੁੱਤੀ ਕਣਕ ਦੇ ਖੇਤ 'ਚ ਸੁੱਟ ਦਿੱਤੀ ਸੀ। ਚੱਪਲਾਂ ਲੈਣ ਗਏ ਬੱਚੇ ਦੇ ਪੈਰਾਂ ਹੇਠ ਦੱਬੀ ਕਣਕ ਦੇਖ ਗੁੱਸੇ ਵਿੱਚ ਆਏ ਕਿਸਾਨ ਨੇ ਬੇਰਹਿਮੀ ਨਾਲ ਬੱਚਿਆਂ ਨੂੰ ਡੰਡੇ ਨਾਲ ਕੁੱਟਿਆ ਅਤੇ ਆਪਣੀ ਦਾਦੀ ਨਾਲ ਵੀ ਦੁਰਵਿਹਾਰ ਕੀਤਾ। ਐੱਸਐੱਸਪੀ ਮਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡੰਡੇ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ:ਪੀੜਤ ਬਜ਼ੁਰਗ ਔਰਤ ਰਾਜ ਕੌਰ ਪਤਨੀ ਭੋਲਾ ਸਿੰਘ ਵਾਸੀ ਮੋਰਾਂਵਾਲੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਲੜਕੀ ਸੰਦੀਪ ਕੌਰ ਦਾ 13 ਸਾਲਾ ਵੱਡਾ ਲੜਕਾ ਸਿਮਰਨ ਸਿੰਘ ਉਸ ਦੇ ਨਾਨਕੇ ਘਰ ਰਹਿੰਦਾ ਹੈ। ਉੱਥੇ ਰਹਿੰਦਿਆਂ, ਉਹ ਆਪਣੇ ਜੁੜਵਾਂ ਬੱਚਿਆਂ ਦੀ ਦੇਖਭਾਲ ਕਰਦੀ ਹੈ। ਸਿਮਰਨ ਸਿੰਘ ਇਸੇ ਪਿੰਡ ਦੇ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ। 27 ਜਨਵਰੀ ਦੀ ਸ਼ਾਮ ਨੂੰ ਸਿਮਰਨ ਸਿੰਘ ਆਪਣੇ ਦੋਸਤ ਸੋਨੂੰ ਵਾਸੀ ਮੋਰਾਂਵਾਲੀ ਨਾਲ ਸਰਕਾਰੀ ਸਕੂਲ ਦੇ ਸਾਹਮਣੇ ਖਾਲੀ ਜਗ੍ਹਾ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਸਿਮਰਨ ਸਿੰਘ ਨੇ ਸੋਨੂੰ ਦੀ ਸੈਂਡਲ ਚੁੱਕ ਕੇ ਸੁੱਟ ਦਿੱਤੀ ਅਤੇ ਸੈਂਡਲ ਜ਼ਮੀਨ ਦੇ ਨਾਲ ਲੱਗਦੇ ਕਿਸਾਨ ਗੁਰਬੀਰ ਸਿੰਘ ਵਾਸੀ ਕਕਰਾਲਾ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਦੇ ਖੇਤ ਵਿੱਚ ਜਾ ਡਿੱਗੀ। ਦੋਵੇਂ ਬੱਚੇ ਸਿਮਰਨ ਸਿੰਘ ਅਤੇ ਸੋਨੂੰ ਖੇਤ ਵਿੱਚ ਡਿੱਗੀਆਂ ਚੱਪਲਾਂ ਨੂੰ ਚੁੱਕਣ ਲਈ ਕਣਕ ਦੀ ਫ਼ਸਲ ਵਿੱਚ ਗਏ ਤਾਂ ਕਿਸਾਨ ਗੁਰਬੀਰ ਸਿੰਘ ਨੇ ਵੀ ਮੌਕੇ ’ਤੇ ਪਹੁੰਚ ਕੇ ਦੋਵਾਂ ਬੱਚਿਆਂ ਨੂੰ ਫੜ ਲਿਆ। ਸਿਮਰਨ ਨੂੰ ਡੰਡੇ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ।