teacher protest: ਸੰਗਰੂਰ 'ਚ ਅਧਿਆਪਕਾਂ ਅਤੇ ਪੁਲਿਸ 'ਚ ਹੋਈ ਧੱਕਾ-ਮੁੱਕੀ, ਅਧਿਆਪਕਾਂ ਨੇ 5 ਸੰਤਬਰ ਲਈ ਕੀਤਾ ਵੱਡਾ ਐਲਾਨ ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਧਰਨਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਕੋਈ ਹੀ ਦਿਨ ਅਜਿਹਾ ਹੁੰਦਾ ਹੋਵੇਗਾ ਜਦੋਂ ਸੰਗਰੂਰ 'ਚ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਨਾ ਲੱਗਿਆ ਹੋਵੇ। ਅੱਜ ਫਿਰ ਅਧਿਆਪਕਾਂ ਦੀ 8736 ਯੂਨੀਅਨ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾ ਰਿਹਾ। ਅਧਿਆਪਕਾਂ ਵੱਲੋਂ ਲਗਾਤਾਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਜੋ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਹੋ ਜਾਣ ਪਰ ਵਾਅਦੇ ਪੂਰੇ ਹੋਣ ਦੀ ਬਾਜਏ ਉਨ੍ਹਾਂ ਨਾਲ ਧੱਕਾ ਮੁੱਕੀ ਜ਼ਰੂਰ ਹੋ ਰਹੀ ਹੈ।
ਪੁਲਿਸ ਅਤੇ ਅਧਿਆਪਕਾਂ 'ਚ ਹੋਈ ਧੱਕਾ ਮੁੱਕੀ:ਜਦੋਂ ਜਦੋਂ ਕਿਸੇ ਵੀ ਵਰਗ ਵੱਲੋਂ ਸਰਕਾਰ ਖਿਲਾਫ਼ ਧਰਨਾ ਦਿੱਤਾ ਜਾਂਦਾ ਹੈ ਤਾਂ ਸਰਕਾਰ ਵੱਲੋਂ ਡੰਡਾ ਤੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅੱਜ ਵੀ ਸੰਗਰੂਰ ਤੋਂ ਅਜਿਹੀਆਂ ਹੀ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਨੂੰ ਵੇਖੇ ਕੇ ਅਧਿਆਪਕਾਂ 'ਚ ਹੋਰ ਰੋਹ ਵੱਧ ਗਿਆ ਹੈ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਸਰਕਾਰ ਉੱਤੇ ਵਾਅਦਾ ਖਿਲਾਫ਼ੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੇ ਉਨ੍ਹਾਂ ਨਾਲ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਪੱਕਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਪੱਕਾ ਕਰਨਾ ਤਾਂ ਦੂਰ ਦੀ ਗੱਲ ਹੈ ਸਾਡੀਆਂ ਤਨਖਾਹਾਂ 'ਚ ਵਾਧਾ ਕਰਕੇ ਸਾਨੂੰ ਲੌਲੀਪੌਪ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਕਿ ਧਰਨੇ ਦੌਰਾਨ ਪੁਲਿਸ ਨਾਲ ਧੱਕਾ ਮੁੱਕੀ ਹੋਈ ਹੈ।
ਪਾਣੀ ਦੀ ਟੈਂਕੀ 'ਤੇ ਚੜ੍ਹੇ ਅਧਿਆਪਕ: ਇਸ ਪ੍ਰਦਰਸ਼ਨ ਦੇ ਦੌਰਾਨ ਹੀ ਅਧਿਆਪਕਾਂ 'ਚ ਇਸ ਗੱਲ ਦਾ ਵੀ ਰੋਸ ਹੈ ਕਿ ਉਨ੍ਹਾਂ ਦਾ ਇੱਕ ਅਧਿਆਪਕ ਸਾਥੀ 83 ਦਿਨਾਂ ਤੋਂ ਪਾਣੀ ਦੀ ਟੈਂਕੀ 'ਤੇ ਚੜ੍ਹਿਆ ਹੋਇਆ ਹੈ ਪਰ ਹੁਣ ਤੱਕ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਕਿ ਸਾਡੇ ਨਾਲ ਸਰਾਕਰ ਨੇ ਠੱਗੀ ਮਾਰੀ ਹੈ। ਵਾਰ-ਵਾਰ ਸਰਕਾਰ ਮੀਟਿੰਗ ਦਾ ਸਮਾਂ ਦਿੰਦੀ ਹੈ ਅਤੇ ਆਪ ਹੀ ਮੀਟਿੰਗਾਂ ਤੋਂ ਭੱਜਦੀ ਹੈ।
ਸਰਕਾਰ 'ਤੇ ਨਹੀਂ ਯਕੀਨ:ਅਧਿਆਪਕਾਂ ਨੇ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਸਾਨੂੰ ਹੁਣ ਸਰਕਾਰ 'ਤੇ ਰੱਤੀ ਭਰ ਵੀ ਯਕੀਨ ਨਹੀਂ ਰਿਹਾ ਕਿਉਂਕਿ ਸਰਕਾਰ ਵਾਰ-ਵਾਰ ਮੀਟਿੰਗ ਕਰਨ ਦੀ ਗੱਲ ਕਰਦੀ ਹੈ ਪਰ ਨਾ ਮੀਟਿੰਗ ਹੁੰਦੀ ਨਾ ਹੀ ਮੀਟਿੰਗ 'ਚ ਕੋਈ ਹੱਲ ਹੁੰਦਾ। ਉਨਾਂ ਆਖਿਆ ਕਿ ਸਾਰੇ ਨੇ ਸਾਡੇ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ ਪਰ ਦੂਜੇ ਪਾਸੇ ਆਖਿਆ ਜਾ ਰਿਹਾ ਕਿ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਜੋ ਕਿ ਸਰਾਸਰ ਗਲਤ ਹੈ।
5 ਸੰਤਬਰ ਨੂੰ ਰੋਸ ਪ੍ਰਦਰਸ਼ਨ: ਪੁਲਿਸ ਨਾਲ ਹੋਈ ਧੱਕਾ-ਮੁੱਕੀ ਦੌਰਾਨ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਹੁਣ ਲੜਾਈ ਆਰ-ਪਾਰ ਦੀ ਹੋ ਗਈ ਹੈ। ਅਧਿਆਪਕ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਜਾਂ ਤਾਂ ਸਾਨੂੰ ਪੱਕਾ ਕਰ ਦਿਓ ਜਾਂ ਫਿਰ ਰੋਜ਼-ਰੋਜ਼ ਮਰਨ ਨਾਲੋਂ ਚੰਗਾ ਹੈ ਸਾਨੂੰ ਇੱਕ ਦਿਨ ਹੀ ਮਾਰ ਦਿੱਤਾ ਜਾਵੇ। ਇਸ ਧੱਕਾ ਮੁੱਕੀ ਦੌਰਾਨ ਅਧਿਆਪਕਾਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਨਾਂ ਵੱਲੋਂ ਇਸੇ ਤਰ੍ਹਾਂ 5 ਸਤੰਬਰ ਨੂੰ ਵੀ ਧਰਨਾ ਦਿੱਤਾ ਜਾਵੇਗਾ।