ਸੰਗਰੂਰ: ਸ਼ਹਿਰ ਦੀਆਂ 7 ਸਰਕਾਰੀ ਇਮਾਰਤਾਂ ਨੂੰ ਵੇਚ ਕੇ ਕਿਸਾਨਾਂ ਦਾ ਮੁਆਵਜ਼ਾ ਦੇਣ ਦੇ ਸਰਕਾਰੀ ਐਲਾਨ ਤੋਂ ਬਾਅਦ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀਆਂ ਦੇ ਧਰਨਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਦੀਆਂ ਵੇਚੀਆਂ ਜਾਣ ਵਾਲੀਆਂ ਸਰਕਾਰੀ ਥਾਵਾਂ ਵਿੱਚੋਂ ਰਣਬੀਰ ਕਾਲਜ ਵੀ ਇੱਕ ਹੈ।
ਸਰਕਾਰੀ ਕਾਲਜ ਵੇਚਣ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਲਾਇਆ ਧਰਨਾ ਜ਼ਿਕਰਯੋਗ ਹੈ ਕਿ 2007 ਵਿੱਚ ਘੱਗਰ ਦਰਿਆ ਨੂੰ ਚੌੜਾ ਕਰਨ ਵੇਲੇ ਆਲੇ-ਦੁਆਲੇ ਦੇ ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ ਜਿਸ ਦੀ ਸਰਕਾਰ ਵੱਲੋਂ ਦਿੱਤੀ ਗਈ ਰਕਮ ਤੋਂ ਕਿਸਾਨ ਖ਼ੁਸ਼ ਨਹੀਂ ਸਨ ਇਸ ਲਈ ਉਨ੍ਹਾਂ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ ਤਾਂ ਕਿ ਉਨ੍ਹਾਂ ਨੂੰ ਜ਼ਮੀਨ ਦਾ ਪੂਰਾ ਮੁੱਲ ਮਿਲ ਸਕੇ।
ਹਾਈਕੋਰਟ ਨੇ ਇਸ ਕੇਸ ਨੂੰ ਹੇਠਲੀ ਅਦਾਲਤ ਵਿੱਚ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਥੋੜ੍ਹੇਦਿਨ ਪਹਿਲਾਂ ਅਦਾਲਤ ਨੇ ਫ਼ੈਸਲਾ ਲਿਆ ਸੀ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਲਈ ਬਣਦੀ ਰਕਮ ਸ਼ਹਿਰ ਦੀਆਂ 7 ਸਰਕਾਰੀ ਇਮਾਰਤਾਂ ਨੂੰ ਵੇਚ ਕੇ ਇੱਕਠੀ ਕੀਤੀ ਜਾਵੇ।
ਵੇਚਣ ਵਾਲੀਆਂ ਸਰਕਾਰੀ ਇਮਾਰਤਾਂ ਵਿੱਚ ਸਰਕਾਰੀ ਰਣਬੀਰ ਕਾਲਜ ਵੀ ਸ਼ਾਮਲ ਹੈ। ਇਸ ਲਈ ਕਾਲਜ ਨੂੰ ਬਚਾਉਣ ਲਈ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ (ਸੰਗਰੂਰ) ਦਫ਼ਤਰ ਸਾਹਮਣੇ ਧਰਨਾ ਲਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣਾ ਕਾਲਜ ਨਹੀਂ ਵਿਕਣ ਦੇਣਗੇ।
ਵਿਦਿਆਰਥੀਆਂ ਦੇ ਇਸ ਧਰਨੇ ਤੋਂ ਬਾਅਦ ਫ਼ਿਲਹਾਲ ਅਜੇ ਤੱਕ ਕਿਸੇ ਵੀ ਸੰਬੰਧਿਤ ਅਧਿਕਾਰੀ ਦੀ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।