ਮਲੇਰਕੋਟਲਾ: ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਕੋਰੋਨਾ ਟੈਸਟ ਨਾ ਕਰਵਾਉਣ ਦੇ ਪੰਚਾਇਤੀ ਮਤੇ ਪਾਏ ਗਏ ਸਨ ਤੇ ਕਈ ਥਾਵਾਂ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਵਿਰੋਧ ਵੀ ਹੋਇਆ ਤੇ ਕਈ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਉੱਤੇ ਹਮਲਾ ਵੀ ਕੀਤਾ ਗਿਆ। ਅਜਿਹਾ ਅਗਾਂਹ ਨਾ ਹੋਵੇ ਇਸ ਲਈ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ।
ਐਸਡੀਐਮ ਵਿਕਰਮਜੀਤ ਸਿੰਘ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਵੱਲੋਂ ਕੋਰੋਨਾ ਟੈਸਟ ਨਾ ਕਰਵਾਉਣ ਦੇ ਮਤੇ ਪਾਏ ਜਾ ਰਹੇ ਹਨ, ਉਨ੍ਹਾਂ ਪੰਚਾਇਤਾਂ ਨੂੰ ਬੁਲਾ ਕੇ ਸਮਝਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਖ਼ਿਲਾਫ਼ ਪੰਚਾਇਤੀ ਮਤੇ ਪਾਉਣਾ ਕਾਨੂੰਨੀ ਜੁਰਮ ਹੈ, ਜਿਸ ਨੂੰ ਲੈ ਕੇ ਪੰਚਾਇਤਾਂ ਮਤੇ ਰੱਦ ਕਰ ਰਹੀਆਂ ਹਨ।
ਇਸ ਦੇ ਚੱਲਦਿਆਂ ਮਲੇਰਕੋਟਲਾ ਦੇ ਵੱਖ-ਵੱਖ ਪਿੰਡਾਂ ਦੇ 4 ਸਰਪੰਚਾਂ ਨੇ ਆਪਣੇ ਪਾਏ ਮਤੇ ਰੱਦ ਕਰ ਦਿੱਤੇ ਹਨ ਅਤੇ ਹੋਰ ਵੀ ਅਜੇ ਸਰਪੰਚਾਂ ਨਾਲ ਮਿਲ ਕੇ ਇਹ ਮਤੇ ਰੱਦ ਕਰਵਾਏ ਜਾਣਗੇ। ਇਸ ਸਬੰਧੀ ਐਸਡੀਐਮ ਮਲੇਰਕੋਟਲਾ ਨੇ ਬੀਡੀਪੀਓ ਅਧਿਕਾਰੀ ਨੂੰ ਇੱਕ ਪੱਤਰ ਵੀ ਲਿਖਿਆ, ਜਿਸ ਵਿੱਚ ਸਾਫ਼ ਤੌਰ 'ਤੇ ਦੱਸਿਆ ਗਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ।
ਇਸ ਦੇ ਨਾਲ ਹੀ ਐਸਡੀਐਮ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਕੋਰੋਨਾ ਟੈਸਟ ਕਰਨ ਗਈ ਟੀਮ ਦੇ ਨਾਲ ਬਦਸਲੂਕੀ ਕਰੇਗਾ ਜਾਂ ਵਿਰੋਧ ਕਰੇਗਾ ਤਾਂ ਉਸ ਦੇ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਦਾ ਸਾਥ ਦੇਣ ਤੇ ਕੋਰੋਨਾ ਟੈਸਟ ਕਰਾਉਣ ਲਈ ਅੱਗੇ ਆਉਣ।
ਇਹ ਵੀ ਪੜ੍ਹੋ;ਅੰਮ੍ਰਿਤਸਰ ਦੇ ਇੱਕ ਜਿੰਮ 'ਚ ਨੌਜਵਾਨਾਂ ਨੇ ਕੀਤੀ ਭੰਨਤੋੜ, ਲੱਖਾਂ ਦਾ ਨੁਕਸਾਨ