ਵਕਫ਼ ਬੋਰਡ ਦੀਆਂ ਜਾਇਦਾਦਾਂ 'ਤੇ ਕਬਜ਼ਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ - malerkotla
ਮਲੇਰਕੋਟਲਾ: ਹੁਣ ਪੰਜਾਬ ਵਕਫ਼ ਬੋਰਡ ਦੀਆਂ ਜਾਇਦਾਦਾਂ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ 'ਤੇ ਛੇਤੀ ਕਾਰਵਾਈ ਕੀਤੀ ਜਾਵੇਗੀ। ਇਸ ਦਾ ਪ੍ਰਗਟਾਵਾ ਮਲੇਰਕੋਟਲਾ ਦੇ ਵਕਫ਼ ਬੋਰਡ ਦੇ ਹਸਪਤਾਲ ਵਿੱਚ ਨਵੀਆਂ ਮਸ਼ੀਨਾ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਵਕਫ਼ ਬੋਰਡ ਦੇ ਚੈਅਰਮੈਨ ਜ਼ੂਨੈਦ ਰਜ਼ਾ ਖ਼ਾਨ ਨੇ ਕੀਤਾ।
ਜ਼ਿਕਰਯੋਗ ਹੈ ਕਿ ਮਲੇਰਕੋਟਲਾ 'ਚ ਪੰਜਾਬ ਵਕਫ਼ ਬੋਰਡ ਦੇ ਬਣੇ ਹਲੀਮਾਂ ਹਸਪਤਾਲ ਵਿੱਚ ਇੱਕ ਮਡੀਕਲ ਕੈਂਪ ਲਗਾਇਆ ਗਿਆ ਅਤੇ ਕਈ ਨਵੀਆਂ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ ਤਾਂ ਜੋ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਲੁਧਿਆਣਾ ਜਾਂ ਪਟਿਆਲਾ ਜਾਣ ਦੀ ਲੋੜ ਨਾ ਪਵੇ।
ਇਸ ਮੌਕੇ ਜ਼ੂਨੈਦ ਰਜ਼ਾ ਖ਼ਾਨ ਨੇ ਕਿਹਾ ਕਿ ਆਉਣ ਵਾਲੇ ਦੋ ਤਿੰਨ ਸਾਲਾਂ 'ਚ ਸਾਰੇ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਤੇ ਉਨ੍ਹਾਂ ਵਿਅਕਤੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਕਿਰਾਇਆ ਨਹੀਂ ਦੇ ਰਹੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਪੰਜ ਸਪੈਸ਼ਲ ਅਦਾਲਤਾਂ ਬਣਾਈਆਂ ਗਈਆਂ ਹਨ ਜਿਨ੍ਹਾਂ 'ਚ ਸਿਰਫ਼ ਵਕਫ਼ ਬੋਰਡ ਦੇ ਕੇਸਾਂ ਦੀ ਹੀ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿਰਫ਼ ਇੱਕ ਦੋ ਮਹੀਨਿਆਂ ਦੇ ਸਮੇਂ 'ਚ ਹੀ ਕੇਸਾਂ ਦਾ ਨਿਪਟਾਰਾ ਹੋ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿ ਮਲੇਰਕੋਟਲਾ ਵਿੱਚ ਛੇਤੀ ਹੀ ਕੁੜੀਆਂ ਦਾ ਕਾਲਜ ਬਣਾਇਆ ਜਾਵੇਗਾ।