ਪਠਾਨਕੋਟ: ਪੰਜਾਬ ਵਿੱਚ ਵਧ ਰਹੇ ਨਸ਼ੇ ਉੱਤੇ ਠੱਲ੍ਹ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਵਿੱਚ ਇੱਕ ਮਹੱਤਵਪੂਰਨ ਸਫ਼ਲਤਾ ਹਾਸਲ ਕਰਦੇ ਹੋਏ ਪਠਾਨਕੋਟ ਪੁਲਿਸ ਨੇ ਪੁਲਿਸ ਥਾਣਾ ਧਾਰ ਨੂੰ ਪੰਜਾਬ ਰਾਜ ਦਾ ਪਹਿਲਾ ਨਸ਼ਾ ਮੁਕਤ ਪੁਲਿਸ ਸਟੇਸ਼ਨ ਐਲਾਨ ਕੀਤਾ ਹੈ। ਇਹ ਪ੍ਰਾਪਤੀ ਪਠਾਨਕੋਟ ਪੁਲਿਸ ਦੇ ਇੱਕ ਸੁਰੱਖਿਅਤ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਨਾ ਕਰਨ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਪ੍ਰਮਾਣ ਹੈ। ਇਸ ਸ਼ਲਾਘਾਯੋਗ ਪ੍ਰਾਪਤੀ ਦੀ ਪੁਸ਼ਟੀ ਸਥਾਨਕ ਭਾਈਚਾਰੇ ਦੇ ਸਮਰਥਨ ਨਾਲ ਸੰਭਵ ਹੋਈ ਹੈ।
Drugs Free Villages : ਪਠਾਨਕੋਟ ਪੁਲਿਸ ਨੇ ਐਲਾਨਿਆ ਪਹਿਲਾ ਨਸ਼ਾ ਮੁਕਤ ਥਾਣਾ, ਇੱਥੋ ਦੇ 45 ਪਿੰਡ ਹੋਏ ਨਸ਼ਾ ਮੁਕਤ
ਧਾਰ ਖੇਤਰ ਦੀਆਂ 45 ਗ੍ਰਾਮ ਪੰਚਾਇਤਾਂ ਨੇ ਕਿਹਾ ਕਿ ਸਾਡੇ ਪਿੰਡ ਨਸ਼ਾ ਮੁਕਤ ਹਨ। ਇਸ ਮੌਕੇ ਜ਼ਿਲ੍ਹਾ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਖੁਸ਼ੀ ਜ਼ਾਹਿਰ ਕਰਦਿਆ ਪੁਲਿਸ ਥਾਣਾ ਧਾਰ ਖੇਤਰ ਨੂੰ ਨਸ਼ਾ ਮੁਕਤ (Drug free village In Pathankot) ਐਲਾਨਿਆ।
Published : Oct 4, 2023, 2:07 PM IST
ਐਸਐਸਪੀ ਨੇ ਕੀਤਾ ਐਲਾਨ:ਪੁਲਿਸ ਸਟੇਸ਼ਨ ਧਾਰ ਦੇ ਅਧਿਕਾਰ ਖੇਤਰ ਵਿੱਚ ਅਰਦ ਪਹਾੜੀ ਖੇਤਰ ਦੇ 45 ਪਿੰਡਾਂ ਦੀਆਂ ਪੰਚਾਇਤਾਂ ਅੱਗੇ ਆਈਆਂ ਹਨ, ਜਿਨ੍ਹਾਂ ਨੇ ਇੱਕ ਮਤਾ ਪਾ ਕੇ ਲਿਖਤੀ ਰੂਪ ਵਿੱਚ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਡੇ ਪਿੰਡ ਨਸ਼ਾ ਮੁਕਤ ਹਨ। ਇਹ ਸਮੂਹਿਕ ਘੋਸ਼ਣਾ ਪੁਲਿਸ ਅਤੇ ਲੋਕਾਂ ਵਿਚਕਾਰ ਸਹਿਯੋਗੀ ਭਾਵਨਾ ਨੂੰ ਦਰਸਾਉਂਦੀ ਹੈ।ਇਨਾ ਗੱਲਾਂ ਦਾ ਪ੍ਰਗਟਾਵਾ ਐਸਐਸਪੀ ਪਠਾਨਕੋਟ ਨੇ ਇਕ ਪ੍ਰੋਗਰਾਮ ਦੌਰਾਨ ਕੀਤਾ।
ਐਸਐਸਪੀ ਨੇ ਕੀਤੀ ਸ਼ਲਾਘਾ:ਪਠਾਨਕੋਟ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਸ ਅਹਿਮ ਮਿਸ਼ਨ ਵਿੱਚ ਸਹਿਯੋਗ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਹੈ ਅਤੇ ਉਨ੍ਹਾਂ ਨੇ ਕਿਹਾ ਇਹ ਪ੍ਰਾਪਤੀ ਨਸ਼ਾ ਮੁਕਤ ਸਮਾਜ ਪ੍ਰਤੀ ਏਕਤਾ ਅਤੇ ਸਾਂਝੀ ਵਚਨਬੱਧਤਾ ਦੀ ਸ਼ਕਤੀ ਦੀ ਉਦਾਹਰਣ ਹੈ। ਪਠਾਨਕੋਟ ਪੁਲਿਸ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਸਾਕਾਰ ਕਰਨ ਲਈ ਭਾਈਚਾਰੇ ਦੇ ਸਹਿਯੋਗੀ ਯਤਨਾਂ ਦੀ ਤਹਿ ਦਿਲੋਂ ਪ੍ਰਸ਼ੰਸਾ ਕਰਦੀ ਹੈ। ਐਸਐਸਪੀ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਤੋਂ ਨਸ਼ਾ ਮੁਕਤ ਪੰਜਾਬ ਕਰਨ ਦਾ ਯਤਨ ਸ਼ੁਰੂ ਹੋ ਗਿਆ ਹੈ ਜਿਸ ਦੇ ਚੱਲਦੇ ਧਾਰ ਥਾਣੇ ਅਧੀਨ ਆਉਂਦੇ 45 ਪਿੰਡ ਨਸ਼ਾ ਮੁਕਤ ਐਲਾਨੇ ਗਏ ਹਨ ਅਤੇ ਇਸੇ ਤਰ੍ਹਾਂ ਹੀ ਜ਼ਿਲ੍ਹਾ ਪਠਾਣਕੋਟ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ।