ਮਲੇਰਕੋਟਲਾ: ਪੰਜਾਬ ਦੀ ਜ਼ਿਆਦਾਤਰ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਦੀ ਇੱਛਾ ਰੱਖਦੀ ਹੈ ਅਤੇ ਕਈ ਨੌਜਵਾਨ ਸਹੀ ਜਾਂ ਗ਼ਲਤ ਰਸਤਾ ਚੁਣ ਕੇ ਵੀ ਵਿਦੇਸ਼ ਜਾਣ ਤੋਂ ਗੁਰੇਜ਼ ਨਹੀਂ ਕਰਦੇ। ਮਲੇਰਕੋਟਲਾ ਦੇ ਨਾਲ ਲਗਦੇ ਪਿੰਡ ਬਨਭੌਰਾ ਦੇ ਅਜਿਹੇ 5 ਨੌਜਵਾਨ ਸਨ ਜੋ 5 ਸਾਲ ਪਹਿਲਾਂ ਦੁਬਈ ਵਿੱਚ ਕੰਮ ਕਰਨ ਗਏ ਸਨ ਪਰ ਉੱਥੇ ਉਨ੍ਹਾਂ ਨੂੰ ਕੰਪਨੀ ਸਹੀ ਸਮੇਂ 'ਤੇ ਤਨਖ਼ਾਹ ਨਹੀਂ ਦਿੰਦੀ ਸੀ। ਤਨਖ਼ਾਹ ਸਹੀ ਸਮੇਂ ਨਾ ਮਿਲਣ ਕਰਕੇ ਇਨ੍ਹਾਂ 5 ਵਿਅਕਤੀਆਂ ਨੇ ਆਪਣੀ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਅਤੇ ਪੈਸੇ ਵਾਪਸ ਲੈਣ ਲਈ ਉਧਰ ਲੇਬਰ ਕੋਰਟ 'ਚ ਕੇਸ ਕਰ ਦਿੱਤਾ, ਪਰ ਕੋਰਟ ਨੇ ਇਨ੍ਹਾਂ ਨੂੰ 3-3 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ।
ਐਸ.ਪੀ. ਓਬਰਾਏ ਨੇ ਮਲੇਰਕੋਟਲਾ ਦੇ 5 ਨੌਜਵਾਨਾਂ ਦੀ ਦੁਬਈ ਤੋਂ ਕਰਵਾਈ ਵਤਨ ਵਾਪਸੀ
ਮਲੇਰਕੋਟਲਾ ਦੇ ਨਾਲ ਲਗਦੇ ਪਿੰਡ ਬਨਭੌਰਾ ਦੇ ਰਹਿਣ ਵਾਲੇ 5 ਨੌਜਵਾਨ ਦੁਬਈ ਵਿੱਚ ਫਸੇ ਹੋਏ ਸਨ ਜਿਨ੍ਹਾਂ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸ.ਪੀ. ਓਬਰਾਏ ਨੇ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਵਤਨ ਵਾਪਸੀ ਕਰਵਾਈ।
ਇਸੇ ਕਰਕੇ ਇਨ੍ਹਾਂ 5 ਨੌਜਵਾਨਾਂ ਕੋਲ ਵਤਨ ਵਾਪਸ ਆਉਣ ਜੋਗੇ ਵੀ ਪੈਸੇ ਨਹੀਂ ਸਨ। ਇਸ ਤੋਂ ਬਾਅਦ ਉਨ੍ਹਾਂ ਮਲੇਰਕੋਟਲਾ ਦੇ ਸਮਾਜ ਸੇਵੀ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਆਪਣੀ ਦੁੱਖ ਭਰੀ ਗੱਲ ਕਹੀ ਤਾਂ ਉਨ੍ਹਾਂ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸ.ਪੀ. ਓਬਰਾਏ ਨਾਲ ਮੁਲਾਕਾਤ ਕਰਕੇ ਇਹ ਸਾਰਾ ਮਾਮਲਾ ਦੱਸਿਆ।
ਐਸ.ਪੀ. ਓਬਰਾਏ ਨੇ ਦੁਬਈ ਵਿੱਚ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਇਨ੍ਹਾਂ 5 ਨੌਜਵਾਨਾਂ ਨੂੰ ਵਤਨ ਵਾਪਸ ਲਿਆਂਦਾ। ਇਨ੍ਹਾਂ ਨੌਜਵਾਨਾਂ ਦੇ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰ ਖੁਸ਼ ਨਜ਼ਰ ਆਏ। ਇਸ ਮੌਕੇ ਨੌਜਵਾਨਾਂ ਨੇ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਐੱਸਪੀ ਓਬਰਾਏ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।