ਮਲੇਰਕੋਟਲਾ: ਸ਼ਹਿਰ ਵਿੱਚ ਹਮੇਸ਼ਾ ਹੀ ਗੰਗਾ ਜਮਨੀ ਤਹਿਜ਼ੀਬ ਵੇਖਣ ਨੂੰ ਮਿਲਦੀ ਹੈ ਤੇ ਵੱਖ-ਵੱਖ ਧਰਮਾਂ ਦੇ ਲੋਕ ਇੱਕ ਦੂਸਰੇ ਦਾ ਸਹਾਰਾ ਬਣਦੇ ਹਨ। ਮੁਸੀਬਤ ਦੇ ਨਾਲ-ਨਾਲ, ਇਹ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਦੇ ਤਿਉਹਾਰਾਂ ਵਿੱਚ ਵੀ ਮੋਢੇ ਨਾਲ ਮੋਢਾ ਜੋੜ ਕੇ ਸ਼ਮੂਲੀਅਤ ਭਰਦੇ ਹਨ। ਇਕ ਵਾਰ ਫਿਰ ਇੱਥੇ ਦੇ ਰਹਿਣ ਵਾਲਿਆਂ ਨੇ ਆਪਸੀ ਸਿੱਖ-ਮੁਸਲਿਮ ਭਾਈਚਾਰਕ ਸਾਂਝ ਦੀ ਵਖਰੀ ਮਿਸਾਲ ਪੇਸ਼ ਕੀਤੀ ਹੈ।
ਮੁਸਲਿਮ ਭਾਈਚਾਰੇ ਤੱਕ ਪਹੁੰਚਾਇਆ ਲੰਗਰ ਮਲੇਰਕੋਟਲਾ ਸ਼ਹਿਰ ਵਿੱਚ ਇੱਕ ਵਾਰ ਫਿਰ ਆਪਸੀ ਭਾਈਚਾਰਕ ਸਾਂਝ ਉਦੋਂ ਵੇਖਣ ਨੂੰ ਮਿਲੀ, ਜਦੋਂ ਸਿੱਖ ਸਿੰਧੀ ਭਾਈਚਾਰੇ ਵੱਲੋਂ ਗੁਰਦੁਆਰਾ ਰਾਧਾਬਾਈ ਸਾਹਿਬ ਵਿਖੇ ਲੰਗਰ ਪਕਾ ਕੇ ਮੁਸਲਿਮ ਭਾਈਚਾਰੇ ਦੇ ਰੋਜ਼ੇਦਾਰਾਂ ਤੱਕ ਪਹੁੰਚਾਇਆ ਗਿਆ, ਤਾਂ ਜੋ ਉਹ ਇਸ ਲੰਗਰ ਨਾਲ ਆਪਣਾ ਰੋਜ਼ਾ ਖੋਲ੍ਹ ਸਕਣ। ਇਸ ਲੰਗਰ ਦੀ ਖ਼ਾਸ ਤਰ੍ਹਾਂ ਦੀ ਪੈਕਿੰਗ ਕੀਤੀ ਗਈ ਜਿਸ ਵਿੱਚ ਦੁੱਧ ਵੀ ਸ਼ਾਮਲ ਰਿਹਾ।
ਇਸ ਮੌਕੇ ਇਹ ਸਭ ਕੁਝ ਵੇਖਦਿਆਂ ਮਲੇਰਕੋਟਲਾ ਦੀ ਪੁਲਿਸ ਵੱਲੋਂ ਇਸ ਸਿੰਧੀ ਭਾਈਚਾਰੇ ਦੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਕਿਉਂਕਿ ਇਸ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਉਹ ਮੁਸਲਿਮ ਭਾਈਚਾਰੇ ਦੇ ਕੰਮ ਆ ਰਹੇ ਹਨ। ਉਧਰ ਲੰਗਲ ਲਹਿਰੀਆਂ ਮੁਸਲਿਮ ਮਹਿਲਾਵਾਂ ਨੇ ਕਿਹਾ ਕਿ ਰੋਜ਼ੇ ਦੌਰਾਨ ਉਨ੍ਹਾਂ ਨੂੰ ਬਹੁਤ ਲੋੜ ਸੀ ਇਸ ਖਾਣੇ ਦੀ ਅਤੇ ਉਨ੍ਹਾਂ ਤੱਕ ਖਾਣਾ ਅਤੇ ਹੋਰ ਜ਼ਰੂਰਤ ਦਾ ਸਾਮਾਨ ਇਹ ਸਿੱਖ ਭਾਈਚਾਰੇ ਦੇ ਲੋਕ ਪਹੁੰਚਾ ਰਹੇ ਹਨ ਜਿਸ ਕਰਕੇ ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ।
ਉਧਰ ਸਿੰਧੀ ਭਾਈਚਾਰੇ ਨੇ ਵੀ ਕਿਹਾ ਕਿ ਉਹ ਲਗਾਤਾਰ ਪਹਿਲੇ ਦਿਨ ਤੋਂ ਹੀ ਇਸ ਔਖੀ ਘੜੀ ਵਿੱਚ ਲੋਕਾਂ ਲਈ ਲੰਗਰ ਪਕਾ ਰਹੇ ਹਨ ਪਰ ਇਸ ਖਾਸ ਪਵਿੱਤਰ ਮਹੀਨੇ ਨੂੰ ਵੇਖਦਿਆਂ ਉਹ ਮੁਸਲਿਮ ਭਾਈਚਾਰੇ ਦੇ ਰੋਜ਼ੇ ਲਈ ਖਾਸ ਪੈਕਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸਫ਼ਾਈ ਕਰਮਚਾਰੀਆਂ ਦਾ ਕੀਤਾ ਸਨਮਾਨ