ਧੂਰੀ: ਪੰਜਾਬ 'ਚੋਂ ਵੱਡੀ ਗਿਣਤੀ ਵਿੱਚ ਚੰਗੀ ਪੜ੍ਹਾਈ ਅਤੇ ਰੁਜ਼ਗਾਰ ਦੀ ਭਾਲ ਲਈ ਨੌਜਵਾਨ ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਹਨ। ਇਸ ਦੌਰਾਨ ਕਈ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਨੌਜਵਾਨ ਦੁਸ਼ਵਾਰੀਆਂ ਦਾ ਸ਼ਿਕਾਰ ਹੋ ਕੇ ਖੱਜਲ ਖੁਆਰ ਹੋ ਰਹੇ ਹਨ। ਅਜਿਹੇ ਨੌਜਵਾਨਾਂ ਦੀ ਵਤਨ ਵਾਪਸੀ ਵੀ ਮੁਸ਼ਕਲ ਹੋ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦੇ ਹਲਾਤ ਦਾ ਸ਼ਿਕਾਰ ਹੋਇਆ ਹੈ ਧੂਰੀ ਨੇੜਲੇ ਪਿੰਡ ਬਮਾਲ ਦਾ ਨੌਜਵਾਨ ਜਸਪ੍ਰੀਤ ਸਿੰਘ ਜੋ ਕਿ ਮਲੇਸ਼ੀਆਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਿਆ ਸੀ। ਮਲੇਸ਼ੀਆਂ ਵਿੱਚ ਬਿਮਾਰ ਹੋਣ ਤੋਂ ਬਾਅਦ ਜਸਪ੍ਰੀਤ ਸਿੰਘ 14 ਸਾਲਾਂ ਬਾਅਦ ਆਪਣੇ ਘਰ ਪਰਤਿਆ ਹੈ। ਜਸਪ੍ਰੀਤ ਨੂੰ ਪਰਿਵਾਰ ਨਾਲ ਮਿਲਾਉਣ ਵਿੱਚ ਵੱਡੀ ਭੂਮਿਕਾ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਨੇ ਨਿਭਾਈ ਹੈ।
ਜਸਪ੍ਰੀਤ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕੇ ਉਹ ਪਹਿਲਾਂ 10 ਸਾਲ ਵਰਕ ਪਰਮਿਟ 'ਤੇ ਕਿਸੇ ਏਜੰਟ ਦੇ ਮਾਧਿਅਮ ਰਾਹੀਂ ਮਲੇਸ਼ੀਆ ਗਿਆ ਸੀ। ਉਹ ਕੰਮ ਕਰ ਰਿਹਾ ਸੀ ਪਰ ਫਿਰ ਉਸ ਦਾ ਵਰਕ ਪਰਮਿਟ ਖ਼ਤਮ ਹੋਣ ਕਾਰਨ ਉਹ ਗੈਰ-ਕਾਨੂੰਨੀ ਤੌਰ 'ਤੇ ਉੱਥੇ ਰਹਿਣ ਲਗਾ ਪਿਆ। ਇਸੇ ਦੌਰਾਨ ਉਹ ਮਲੇਸ਼ੀਆਂ ਵਿੱਚ ਬਿਮਾਰ ਹੋ ਗਿਆ ਅਤੇ ਉਸ ਨੂੰ ਦਿਲ ਦੇ ਦੌਰਾ ਪਿਆ। ਜਸਪ੍ਰੀਤ ਨੇ ਦੱਸਿਆ ਕਿ ਉਸ ਨੇ ਵਤਨ ਵਾਪਸੀ ਲਈ ਕਈ ਸੰਸਥਾਵਾਂ ਨੂੰ ਗੁਹਾਰ ਲਗਾਈ ਕੇ ਉਸ ਦੀ ਮੱਦਦ ਕੀਤੀ ਜਾਵੇ ਪਰ ਕਿਸ ਨੇ ਉਸ ਦੀ ਨਹੀਂ ਸੁਣੀ। ਜਸਪ੍ਰੀਤ ਨੇ ਦੱਸਿਆ ਕਿ ਭਾਰਤੀ ਦੂਤਘਰ ਨਾਲ ਵੀ ਉਸ ਨੇ ਕਈ ਵਾਰ ਸੰਪਰਕ ਕੀਤਾ ਪਰ ਦੂਤਘਰ ਵੱਲੋਂ ਵੀ ਕੋਈ ਸਾਰਥਿਕ ਹੁੰਗਾਰਾ ਨਹੀਂ ਭਰਿਆ ਗਿਆ।