ਮਲੇਰਕੋਟਲਾ: ਹੜ੍ਹ ਪੀੜਤਾਂ ਦੀ ਮਦਦ ਲਈ ਪੂਰੇ ਪੰਜਾਬ ਭਰ ਤੋਂ ਲੋਕ ਰਾਸ਼ਨ ਕੱਪੜੇ ਅਤੇ ਖਾਣ ਪੀਣ ਦਾ ਸਾਮਾਨ ਲੈ ਕੇ ਪਹੁੰਚ ਰਹੇ ਹਨ। ਜੇਕਰ ਮਲੇਰਕੋਟਲਾ ਸ਼ਹਿਰ ਦੀ ਗੱਲ ਕਰੀਏ ਤਾਂ ਹੁਣ ਇੱਕ ਨਿੱਜੀ ਸਕੂਲ ਵੱਲੋਂ ਹੜ੍ਹ ਪੀੜਤ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਹਰ ਤਰ੍ਹਾਂ ਦੀਆਂ ਦਵਾਈਆਂ ਖਰੀਦ ਕੇ ਰਵਾਨਾ ਕੀਤੀਆਂ ਗਈਆਂ।
ਮਲੇਰਕੋਟਲਾ ਦੇ ਸਮਾਜ ਸੇਵੀ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਅਤੇ ਉਨ੍ਹਾਂ ਦੇ ਨਿੱਜੀ ਸਕੂਲ ਵੱਲੋਂ ਲੱਖਾਂ ਰੁਪਏ ਦੀਆਂ ਦਵਾਈਆਂ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਵਾਨਾ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਹੁਣ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਉੱਥੇ ਪਾਣੀ ਖੜ੍ਹਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਨ੍ਹਾਂ ਵਿੱਚ ਖਾਸ ਕਰਕੇ ਇਨਫੈਕਸ਼ਨ ਚਮੜੀ ਦੀਆਂ ਬਿਮਾਰੀਆਂ ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਰਹੀਆਂ ਹਨ। ਜਿਸ ਕਰਕੇ ਹੁਣ ਉੱਥੇ ਦਵਾਈਆਂ ਦੀ ਘਾਟ ਪੈਦਾ ਹੋ ਰਹੀ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਮਲੇਰਕੋਟਲਾ ਦੇ ਤਾਰਾ ਕਾਨਵੈਂਟ ਸਕੂਲ ਵੱਲੋਂ ਲੱਖਾਂ ਦੀਆਂ ਦਵਾਈਆਂ ਖਰੀਦ ਕੇ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਪ੍ਰੋਫੈਸਰ ਗੱਜਣਮਾਜਰਾ ਵੱਲੋਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਪੱਖ ਤੋਂ ਫੇਲ ਨਜ਼ਰ ਆਈ ਹੈ।
ਇਹ ਵੀ ਪੜੋ: ਰਾਮ ਰਹੀਮ ਨਹੀਂ ਆਵੇਗਾ ਜੇਲ੍ਹ ਤੋਂ ਬਾਹਰ, ਹਾਈ ਕੋਰਟ ਨੇ ਰੱਦ ਕੀਤੀ ਅਰਜ਼ੀ
ਉਧਰ ਇਸ ਮੌਕੇ ਵਿਦਿਆਰਥੀਆਂ ਨੇ ਵੀ ਕਿਹਾ ਕਿ ਹਾਲਾਤ ਕਾਫ਼ੀ ਜ਼ਿਆਦਾ ਖ਼ਰਾਬ ਹਨ ਤੇ ਉੱਥੇ ਲੋਕਾਂ ਨੂੰ ਰਾਹਤ ਸਮੱਗਰੀ ਦੇ ਨਾਲ-ਨਾਲ ਦਵਾਈਆਂ ਦੀ ਵੀ ਜ਼ਰੂਰਤ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਦਵਾਈਆਂ ਰਵਾਨਾ ਕੀਤੀਆਂ ਗਈਆਂ।