ਸੰਗਰੂਰ: ਸੂਬਾ ਸਰਕਾਰ ਦੇ ਦਾਅਵਿਆਂ ਦੀ ਲਗਾਤਾਰ ਪੋਲ ਖੁੱਲ੍ਹ ਰਹੀ ਹੈ। ਇਸੇ ਲੜੀ 'ਚ ਹੁਣ ਐੱਸ.ਸੀ. ਵਰਗ ਦੇ ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਕਸੂਤੀ ਘਿਰਦੀ ਨਜ਼ਰ ਆ ਰਹੀ ਹੈ।
ਦਰਆਸਲ, ਸੰਗਰੂਰ ਦੇ ਨਿੱਜੀ ਕਾਲਜ ਹੁਣ ਐੱਸ.ਸੀ. ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇ ਰਹੇ ਹਨ। ਕਾਲਜ ਦੇ ਪ੍ਰਬੰਧਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪਿਛਲੇ ਕੁੱਝ ਸਾਲਾਂ ਤੋਂ ਐੱਸ.ਸੀ. ਵਿਦਿਆਰਥੀਆਂ ਦੀ ਫ਼ੀਸ ਦੀ ਰਕਮ ਅਦਾ ਨਹੀਂ ਕੀਤੀ ਗਈ ਅਤੇ ਜਰਨਲ ਵਰਗ ਦੇ ਵਿਦਿਆਰਥੀਆਂ ਦਾ IELTS ਸੈਂਟਰਾਂ ਵੱਲ ਜ਼ਿਆਦਾ ਧਿਆਨ ਹੈ ਜਿਸ ਕਾਰਨ ਹੁਣ ਉਨ੍ਹਾਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ। ਕਾਲਜ ਦੇ ਚੇਅਰਮੈਨ ਮੁਤਾਬਕ ਜੇਕਰ ਪੰਜਾਬ ਸਰਕਾਰ ਪਿਛਲੀ ਰਕਮ ਅਦਾ ਕਰ ਦੇ ਤਾਂ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਵੇਗੀ।
ਉਧਰ, ਐੱਸ.ਸੀ. ਵਿਦਿਆਰਥਣ ਨੇ ਕਿਹਾ ਕਿ ਉਨ੍ਹਾਂ ਲਈ ਉੱਚ ਸਿੱਖਿਆ ਲੈਣਾਂ ਬਹੁਤ ਮੁਸ਼ਕਲ ਹੈ ਉਨ੍ਹਾਂ ਕਿਹਾ ਕਿ ਸਰਕਾਰਾਂ ਚੋਣਾਂ ਵੇਲੇ ਵਾਅਦੇ ਕਰਦੀਆਂ ਹਨ ਪਰ ਚੋਣਾਂ ਤੋਂ ਬਾਅਦ ਉਹ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਕਾਲਜ ਦਾਖ਼ਲਾ ਨਹੀਂ ਦੇ ਰਿਹਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੂਰੀ ਫ਼ੀਸ ਅਦਾ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਦਾਖ਼ਲਾ ਮਿਲਿਆ ਹੈ।
ਉੱਥਏ ਹੀ IELTS ਸੈਂਟਰ ਦੇ ਮਾਲਕ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਚਲਦਿਆਂ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਕੂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਲਈ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਇਸ ਵੱਲ ਰੁਝਾਣ ਘੱਟ ਹੋ ਸਕੇ। ਸੈਂਟਰ ਵਿੱਚ ਪੜਾਈ ਕਰਨ ਵਾਲੀ ਵਿਦਿਆਰਥਣ ਮੁਤਾਬਕ ਉਨ੍ਹਾਂ ਨੂੰ ਦੇਸ਼ ਵਿੱਚ ਭਵਿੱਖ ਨਜ਼ਰ ਨਹੀਂ ਆ ਰਿਹਾ ਜਿਸ ਦੇ ਚਲਦਿਆਂ ਉਨ੍ਹਾਂ ਵਿਦੇਸ਼ ਜਾਣ ਦਾ ਮਨ ਬਣਾਇਆ ਹੈ।