ਸੰਗਰੂਰ: ਜ਼ਿਲ੍ਹੇ ਦੇ ਪਿੰਡ ਰੱਤਾਖੇੜਾ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਲਾਸ਼ ਮੋਹਾਲੀ ਦੇ ਗੁਰਦੁਆਰਾ ਸਾਹਿਬ ਦੇ ਕਮਰੇ ਚੋਂ ਲਟਕਦੀ ਮਿਲੀ ਸੀ। ਕੌਮੀ ਜਾਂਚ ਏਜੰਸੀ ਨੇ ਲਵਪ੍ਰੀਤ ਸਿੰਘ ਨੂੰ ਜਾਂਚ ਲਈ ਚੰਡੀਗੜ੍ਹ ਬੁਲਾਇਆ ਸੀ ਜਿਸ ਤੋਂ ਬਾਅਦ ਉਸ ਨੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਗੱਲ ਆਖੀ ਹੈ।
ਲਵਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਸ ਨੂੰ 13 ਜੁਲਾਈ ਨੂੰ ਜਾਂਚ ਲਈ ਬੁਲਾਇਆ ਸੀ ਇਸ ਤੋਂ ਬਾਅਦ 14 ਜੁਲਾਈ ਨੂੰ ਉਸ ਲਾਸ਼ ਮੋਹਾਲੀ ਦੇ ਗੁਰੂ ਘਰ ਵਿੱਚੋਂ ਪੱਖੇ ਨਾਲ ਲਟਕਦੀ ਮਿਲੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਇਸ ਤਰ੍ਹਾਂ ਨਹੀਂ ਕਰ ਸਕਦਾ। ਉਸ ਨਾਲ ਕੋਈ ਜ਼ਰੂਰ ਕੋਈ ਅਣਹੋਣੀ ਹੋਈ ਹੈ।
ਲਵਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਸ ਦਾ ਬੇਟਾ ਸਹਿਜੜੇ ਪਿੰਡ ਦੇ ਗੁਰੂਘਰ ਵਿੱਚ ਗ੍ਰੰਥੀ ਵਜੋਂ ਸੇਵਾ ਦੇ ਰਿਹਾ ਸੀ। 13 ਜੁਲਾਈ ਨੂੰ ਉਹ ਜਾਂਚ ਲਈ ਚੰਡੀਗੜ੍ਹ ਗਿਆ ਸੀ ਬਾਅਦ ਵਿੱਚ ਉਸ ਨੇ ਫੋਨ ਕਰ ਕੇ ਕਿਹਾ ਕਿ ਉਹ ਅਗਲੇ ਦਿਨ ਵਾਪਸ ਆਵੇਗਾ। ਇਸ ਤੋਂ ਬਾਅਦ ਉਸ ਦਾ ਫੋਨ ਬੰਦ ਆਇਆ ਅਤੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਮਿਲੀ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ।
ਇਸ ਮਾਮਲੇ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਮ੍ਰਿਤਕ ਦੇ ਘਰ ਜਾ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ।
ਜ਼ਿਕਰ ਕਰ ਦਈਏ ਕਿ ਲਵਪ੍ਰੀਤ ਸਿੰਘ ਨੂੰ ਰਫ਼ਰੈਡੰਮ 2020 ਦੇ ਹੱਕ ਵਿੱਚ ਪੋਸਟ ਸਾਂਝੀ ਕਰਨ ਕਰਕੇ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਜਾਂਚ ਲਈ ਚੰਡੀਗੜ੍ਹ ਬੁਲਾਇਆ ਸੀ। ਇਸ ਤੋਂ ਬਾਅਦ ਉਸ ਦੀ ਖ਼ੁਦਕੁਸ਼ੀ ਦੀ ਗੱਲ ਸਾਹਮਣੇ ਆਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ 2018 ਵਿੱਚ ਵੀ ਲਵਪ੍ਰੀਤ ਤਹਿਤ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਬਾਬਤ ਪਰਿਵਾਰ ਵਾਲਿਆਂ ਨੇ ਅਣਜਾਣ ਹੋਣ ਦੀ ਗੱਲ ਆਖੀ ਹੈ।