ਲਹਿਰਾਗਾਗਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੂਨਕ ਵਿੱਚ ਸੰਘਰਸ਼ ਦੇ ਦੂਜੇ ਦਿਨ ਕਿਸਾਨਾਂ ਵੱਲੋਂ ਐਸਆਰ ਪੈਟਰੋਲ ਪੰਪ ਘੇਰਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਦਾ ਧਰਨਾ ਲਾਉਂਦੇ ਹੋਏ ਭਰਵੀਂ ਨਾਅਰੇਬਾਜ਼ੀ ਕੀਤੀ ਗਈ।
ਮੂਨਕ ਵਿਖੇ ਸੰਘਰਸ਼ ਦੇ ਦੂਜੇ ਦਿਨ ਕਿਸਾਨਾਂ ਨੇ ਐਸਆਰ ਕੰਪਨੀ ਦਾ ਪੰਪ ਘੇਰਿਆ ਇਸ ਮੌਕੇ ਈਟੀਵੀ ਭਾਰਤ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ। ਆਗੂਆਂ ਨੇ ਕਿਹਾ ਕਿ ਮੰਗਲਵਾਰ ਨੂੰ ਕਿਸਾਨ ਜਥੇਬੰਦੀ ਵੱਲੋਂ ਐਸਆਰ ਪੰਪ ਨੂੰ ਘੇਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪੰਪ ਅਮਰੀਕਾ ਦੀ ਕੰਪਨੀ ਦਾ ਹੈ ਅਤੇ ਇਹ ਕਾਰਪੋਰੇਟ ਇਥੇ ਆ ਕੇ ਕਿਸਾਨੀ ਜ਼ਮੀਨਾਂ 'ਤੇ ਕਬਜ਼ਾ ਕਰ ਰਹੇ ਹਨ, ਜਿਸ ਦੇ ਵਿਰੋਧ ਵਿੱਚ ਇਹ ਪੰਪ ਘੇਰਿਆ ਗਿਆ ਹੈ।
ਕੇਂਦਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਬਾਰੇ ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਅੱਗੇ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਕੁੱਝ ਜਥੇਬੰਦੀਆਂ ਵੱਲੋਂ ਗੱਲਬਾਤ ਦੇ ਸੱਦੇ ਬਾਰੇ ਵੱਖਰੇ ਸੁਰ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਵੱਖ-ਵੱਖ ਹਨ ਇਸ ਲਈ ਵਿਚਾਰ ਵੱਖਰੇ ਹੋ ਸਕਦੇ ਹਨ ਪਰ ਆਖ਼ਰੀ ਫ਼ੈਸਲਾ ਉਪਰਲੇ ਆਗੂ ਹੀ ਕਰਨਗੇ।
ਆਗੂਆਂ ਨੇ ਕਿਹਾ ਕਿ ਕਿਸਾਨ ਕੇਂਦਰ ਦੇ ਸੱਦੇ ਤੋਂ ਨਹੀਂ ਭੱਜਦੇ ਪਰ ਕੇਂਦਰ 'ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਟਿੰਗਾਂ ਤਾਂ ਭਾਵੇਂ ਜਿੰਨੀਆਂ ਮਰਜ਼ੀ ਕਰ ਲਈਏ ਪਰ ਬਣਨਾ ਤਾਂ ਸੰਘਰਸ਼ ਨਾਲ ਹੀ ਹੈ।
ਪਰਾਲੀ ਦੇ ਮੁੱਦੇ 'ਤੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਪਰਾਲੀ ਦੇ ਮੁੱਦੇ 'ਤੇ ਹੱਥਕੰਢੇ ਅਪਣਾ ਰਹੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੇ ਨਵੇਂ ਹੱਥਕੰਢੇ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਪਰਾਲੀ ਨੂੰ ਸਾੜਨ ਤੋਂ ਬਿਨਾਂ ਕੋਈ ਹੋਰ ਤਰੀਕਾ ਨਹੀਂ ਹੈ, ਇਸ ਲਈ ਪਰਾਲੀ ਨੂੰ ਅੱਗ ਲਾਈ ਜਾਵੇਗੀ।