ਚੰਡੀਗੜ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਫੌਰੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਧੂਰੀ ਸਕੂਲ ਵਿੱਚ ਹੋਏ ਨਾਬਾਲਗ਼ ਬਲਾਤਕਾਰ ਮਾਮਲੇ ਨੂੰ ਇੱਕ ਹਫ਼ਤੇ ਦੇ ਅੰਦਰ ਹੀ ਸੁਲਝਾ ਲਿਆ ਹੈ।
ਜਾਣਕਾਰੀ ਮੁਤਾਬਕ ਦੋਸ਼ੀ ਕਮਲ ਕੁਮਾਰ ਦੇ ਡੀਐੱਨਏ ਦੀ ਟੈਸਟ ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਹੀ ਅੱਜ ਸੈਸ਼ਨ ਜੱਜ ਸੰਗਰੂਰ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ।
ਤੁਹਾਨੂੰ ਦੱਸ ਦਈਏ ਕਿ ਕਮਲ ਕੁਮਾਰ ਨੂੰ 26 ਮਈ ਨੂੰ ਉਸ ਸਮੇਂ ਤੁਰੰਤ ਹੀ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਧੂਰੀ ਪੁਲਿਸ ਨੂੰ ਇੱਕ 5 ਸਾਲਾ ਸਕੂਲੀ ਬੱਚੀ ਨਾਲ ਜਬਰ-ਜਿਨਾਹ ਸਬੰਧੀ ਸ਼ਿਕਾਇਤ ਹਾਸਲ ਹੋਈ ਸੀ।
ਏਐੱਸਆਈ ਮਲਕੀਤ ਸਿੰਘ ਨੇ ਹਸਪਤਾਲ ਪਹੁੰਚ ਕੇ ਪੀੜਤ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਤੁਰੰਤ ਹੀ ਧਾਰਾ 363, 376 ਅਤੇ ਪੌਕਸੋ ਐਕਟ, 2012 ਦੀ ਧਾਰਾ 6 ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਪੀੜਤ ਬੱਚੀ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਉਸ ਦੇ ਖੂਨ ਦੇ ਸੈਂਪਲ ਤੋਂ ਇਲਾਵਾ ਕੱਪੜੇ ਆਦਿ ਐੱਫਐੱਸਐੱਲ ਮੋਹਾਲੀ ਭੇਜੇ ਸਨ।