ਸੰਗਰੂਰ:ਪੁਲਿਸ ਨੇ ਨਾਕਾਬੰਦੀ ਦੌਰਾਨ ਗੁਪਤ ਸੂਚਨਾ ਦੇ ਅਧਾਰ ਉੱਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਤਾਂ ਉਨ੍ਹਾਂ ਕੋਲੋਂ ਸ਼ੱਕ ਦੇ ਅਧਾਰ ਉੱਤੇ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਮੋਬਾਇਲ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ। ਦੱਸ ਦਈਏ ਥਾਣਾ ਛਾਜਲੀ ਦੀ ਪੁਲਿਸ ਨੇ ਮੋਬਾਈਲ ਲੁੱਟਣ ਵਾਲੇ 3 ਲੁਟੇਰਿਆਂ ਨੂੰ ਕਾਬੂ ਕੀਤਾ ਹੈ ਜਦਕਿ ਇੱਕ ਮੁਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਲੁੱਟ ਦੇ ਮੋਬਾਇਲ ਬਰਾਮਦ: ਪੁਲਿਸ ਮੁਤਾਬਿਕ ਲੁਟੇਰਿਆਂ ਕੋਲੋਂ 10 ਮੋਬਾਈਲ ਬਰਾਮਦ ਕੀਤੇ ਗਏ ਹਨ ਅਤੇ ਇਹ ਲੁਟੇਰੇ ਸੰਗਰੂਰ, ਸੁਨਾਮ ਤੇ ਦਿੜ੍ਹਬਾ ਇਲਾਕੇ 'ਚ ਆਕੇ ਲੋਕਾਂ ਦੇ ਮੋਬਾਈਲ ਲੁੱਟਦੇ ਸਨ ਅਤੇ ਪਰਵਾਸੀਆਂ ਨੂੰ ਜ਼ਿਆਦਾ ਨਿਸ਼ਾਨਾ ਬਣਾਉਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਦੌਰਾਨ ਦੋਵਾਂ ਲੁਟੇਰਿਆਂ ਨੇ ਮੰਨਿਆ ਕਿ ਉਹ ਲੁੱਟੇ ਗਏ ਮੋਬਾਈਲ ਫ਼ੋਨ ਸੰਗਰੂਰ ਵਾਸੀ ਵਿਮਲਾ ਦੇਵੀ ਅਤੇ ਸੁਨਾਮ ਵਾਸੀ ਸ਼ਕੁੰਤਲਾ ਨੂੰ ਵੇਚਦੇ ਸਨ।
ਖੋਹ ਦੀਆਂ ਵਾਰਦਾਤਾਂ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਲਾਕੇ 'ਚ ਮੋਬਾਈਲਾਂ ਦੀ ਲੁੱਟ-ਖੋਹ ਦੀਆਂ ਵਾਰਦਾਤਾਂ ਕਾਫੀ ਵੱਧ ਗਈਆਂ ਹਨ, ਜਿਸ ਦੀ ਸ਼ਿਕਾਇਤ ਸਾਡੇ ਕੋਲ ਆਈ ਤਾਂ ਅਸੀਂ ਜਾਂਚ ਨੂੰ ਅੱਗੇ ਵਧਾਇਆ ਅਤੇ ਕੜੀ ਇੱਕ ਗਿਰੋਹ ਨਾਲ ਸਬੰਧਿਤ ਹੋਣ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਡੀ ਪੁਲਿਸ ਟੀਮ ਨੇ ਨਨਕੇਆਣਾ ਗੁਰਦੁਆਰਾ ਸੰਗਰੂਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਦੋ ਬਾਈਕ ਸਵਾਰ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ 10 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ।