ਚੀਨ ਵਿੱਚੋਂ ਮੈਡਲ ਜਿੱਤਣ ਵਾਲੇ ਨੌਜਵਾਨ ਖਿਡਾਰੀ ਅਤੇ ਖੇਡ ਅਫਸਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ। ਸੰਗਰੂਰ :ਏਸ਼ੀਅਨ ਖੇਡਾਂ ਦੇ ਵਿੱਚ ਰੋਲਰ ਸਕੇਟਿੰਗ ਖੇਡ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਸੰਗਰੂਰ ਪਹੁੰਚੇ ਖਿਡਾਰੀਆਂ ਦਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਵਾਗਤ ਕੀਤਾ ਹੈ। ਉੱਥੇ ਹੀ ਬੱਚਿਆਂ ਨੇ ਕਿਹਾ ਕਿ ਸਖਤ ਮਿਹਨਤ ਦੇ ਨਾਲ ਇਹ ਜਿੱਤ ਹਾਸਿਲ ਕੀਤੀ ਹੈ।
ਸੰਗਰੂਰ ਪਹੁੰਚਣ ਉੱਤੇ ਖਿਡਾਰੀਆਂ ਦਾ ਸਵਾਗਤ :ਜ਼ਿਕਰਯੋਗ ਹੈ ਕਿ ਚੀਨ ਦੇ ਵਿੱਚ ਹੋਈਆਂ ਏਸ਼ੀਅਨ ਖੇਡਾਂ ਦੇ ਵਿੱਚ ਸੰਗਰੂਰ ਤੋਂ ਰੋਲਰ ਸਕੇਟਿੰਗ ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਸਿਲਵਰ ਅਤੇ ਬ੍ਰਾਂਜ਼ ਮੈਡਲ ਹਾਸਿਲ ਕੀਤੇ ਹਨ। ਇਸ ਤੋਂ ਬਾਅਦ ਅੱਜ ਉਹ ਸੰਗਰੂਰ ਪਹੁੰਚੇ ਅਤੇ ਆਪਣੇ ਕੋਚ ਅਤੇ ਬਾਕੀ ਸਾਥੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਜਿੱਤ ਸਾਂਝੀ ਕੀਤੀ। ਉੱਥੇ ਹੀ ਇਸ ਮੌਕੇ ਸੰਗਰੂਰ ਤੋਂ ਮੌਜੂਦਾ ਐਮਐਲਏ ਨਰਿੰਦਰ ਕੌਰ ਨੇ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆ। ਇਸ ਮੌਕੇ ਬੱਚਿਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੀਨ ਦੇ ਵਿੱਚ ਹੋਈਆਂ ਖੇਡਾਂ ਦੇ ਵਿੱਚ ਉਹਨਾਂ ਨੇ ਰੋਲਰ ਸਕੇਟਿੰਗ ਖੇਡ ਵਿੱਚ ਹਿੱਸਾ ਲਿਆ। ਉਹਨਾਂ ਕਿਹਾ ਕਿ ਇਸ ਪੂਰੇ ਸਮੇਂ ਦੇ ਵਿੱਚ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਸਖਤ ਟ੍ਰੇਨਿੰਗ ਦੇ ਬਾਵਜੂਦ ਉਨਾਂ ਨੇ ਚੀਨ ਦੇ ਵਿੱਚ ਇਹ ਜਿੱਤ ਹਾਸਿਲ ਕੀਤੀ।
ਮਾਪਿਆਂ ਨੇ ਵੀ ਖੁਸ਼ੀ ਕੀਤੀ ਜਾਹਿਰ :ਉਥੇ ਹੀ ਬੱਚਿਆਂ ਦੇ ਮਾਪਿਆਂ ਦੇ ਵਿੱਚ ਖੁਸ਼ੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਬੱਚਿਆਂ ਦੀ ਪੂਰੀ ਮਿਹਨਤ ਅਤੇ ਲਗਨ ਹੈ, ਜਿਸ ਸਦਕਾ ਉਹ ਸੰਗਰੂਰ ਦਾ ਨਾਮ ਰੌਸ਼ਨ ਕਰਨ ਵਿੱਚ ਸਫਲ ਹੋਏ ਅਤੇ ਸਾਨੂੰ ਆਪਣੇ ਬੱਚਿਆਂ ਤੇ ਮਾਣ ਹੈ। ਮੌਜੂਦਾ ਐਮਐਲਏ ਨਰਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸੰਗਰੂਰ ਦੇ ਬੱਚੇ ਰੂਲਰ ਸਕੇਟਿੰਗ ਦੇ ਵਿੱਚ ਮੱਲਾਂ ਮਾਰ ਕੇ ਆਏ ਹਨ ਅਤੇ ਅੱਜ ਉਹਨਾਂ ਨਾਲ ਇਹ ਜਿੱਤ ਦੀ ਖੁਸ਼ੀ ਸਾਂਝੇ ਕਰਦੇ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ। ਉਹਨਾਂ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਮੀ ਇਹਨਾਂ ਬੱਚਿਆਂ ਦੀ ਖੇਡ ਦੇ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਜਿਲ੍ਹਾ ਸਪੋਰਟਸ ਅਫਸਰ ਨਵਦੀਪ ਸਿੰਘ ਨੇ ਕਿਹਾ ਕਿ ਇਹਨਾਂ ਖਿਡਾਰੀਆਂ ਨੂੰ ਤਰਾਸ਼ਿਆ ਗਿਆ ਹੈ ਅਤੇ ਇਹਨਾਂ ਨੂੰ ਸਹੀ ਰਾਹ ਦਿਖਾਇਆ ਤਾਂ ਹੀ ਇਹ ਨਤੀਜੇ ਆਏ ਹਨ। ਚੀਨ ਦੇ ਵਿੱਚ ਪੰਜ ਟੀਮਾਂ ਮੈਦਾਨ ਵਿੱਚ ਉਤਰੀਆਂ ਗਈਆਂ ਸਨ ਤਾਂ ਉੱਥੇ ਉਹਨਾਂ ਨੂੰ ਖੁਸ਼ੀ ਹੈ ਕਿ ਸੰਗਰੂਰ ਦੇ ਬੱਚੇ ਮੈਡਲ ਹਾਸਲ ਕਰਕੇ ਵਾਪਸ ਪਰਤੇ ਹਨ।