ਸੰਗਰੂਰ: ਬੀਤੇ ਦਿਨੀਂ ਬਠਿੰਡਾ ਥਰਮਲ ਪਲਾਂਟ ਬਾਹਰ ਜੋਗਿੰਦਰ ਸਿੰਘ ਨਾਅ ਦੇ ਕਿਸਾਨ ਦੀ ਖੁਦਕੁਸ਼ੀ ਦੀ ਖ਼ਬਰ ਮਿਲਣ ਤੋਂ ਬਾਅਦ ਜਿੱਥੇ ਪਰਿਵਾਰ 'ਚ ਸੋਗ ਪਸਰਿਆ ਹੈ ਉੱਥੇ ਹੀ ਕਿਸਾਨ ਭਰਾਵਾਂ 'ਚ ਵੀ ਰੋਸ ਪੈਦਾ ਹੋ ਗਿਆ ਹੈ। ਇਸ ਪੂਰੇ ਮਾਮਲੇ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਇਕਾਈ ਸੁਨਾਮ) ਦੇ ਆਗੂ ਰਾਮਪਾਲ ਸ਼ਰਮਾ ਨੇ ਜਾਣਕਾਰੀ ਦਿੱਤੀ।
ਰਾਮਪਾਲ ਨੇ ਦੱਸਿਆ ਕਿ 30 ਜੂਨ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਐਸਡੀਐਮ ਦਫ਼ਤਰ ਸੁਨਾਮ ਅੱਗੇ ਧਰਨਾ ਲਾਇਆ ਗਿਆ ਸੀ ਜਿਸ ਧਰਨੇ 'ਚ ਕਿਸਾਨ ਜੋਗਿੰਦਰ ਸਿੰਘ ਵੀ ਸ਼ਾਮਲ ਸੀ। ਰਾਮਪਾਲ ਨੇ ਦੱਸਿਆ ਕਿ ਧਰਨੇ ਤੋਂ ਬਾਅਦ ਜੋਗਿੰਦਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਠਿੰਡਾ ਚਲਾ ਗਿਆ ਜਿਸ ਤੋਂ ਬਾਅਦ ਸਿੱਧੀ ਉਸ ਦੀ ਮੌਤ ਦੀ ਖ਼ਬਰ ਹੀ ਸਾਹਮਣੇ ਆਈ।
ਰਾਮਪਾਲ ਨੇ ਖ਼ੁਦਕੁਸ਼ੀ ਕਰਨ ਲਈ ਪੰਜਾਬ ਸਰਕਾਰ ਦੀਆਂ ਮਾਰੂ ਨਿਤੀਆਂ ਨੂੰ ਦੋਸ਼ੀ ਠਹਿਰਾਇਆ। ਉਸ ਨੇ ਦੱਸਿਆ ਕਿ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਵੇਚਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਦੇ ਰੋਸ ਵੱਜੋਂ ਸੁੱਤੀ ਪਈ ਸਰਕਰ ਨੂੰ ਉਠਾਉਣ ਲਈ ਜੋਗਿੰਦਰ ਸਿੰਘ ਨੇ ਖ਼ੁਦਕੁਸ਼ੀ ਦਾ ਰਾਹ ਚੁਣਿਆ ਹੈ।
ਕਿਸਾਨਾਂ ਦੇ ਵਿਰੋਧ ਦਾ ਕਾਰਨ
ਚੀਮਾ ਪਿੰਡ ਦਾ ਰਹਿਣ ਵਾਲੇ ਕਿਸਾਨ ਜੋਗਿੰਦਰ ਕਿਸਾਨ ਯੂਨੀਅਨ ਦੇ ਹਰ ਸੱਦੇ ਅਤੇ ਲੋਕ ਪੱਖੀ ਘੋਲਾਂ ਅਤੇ ਧਰਨੇ ਵਿੱਚ ਹਮੇਸ਼ਾਂ ਅੱਗੇ ਰਹਿੰਦਾ ਸੀ। ਆਗੂ ਰਾਮਪਾਲ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰੀ ਅਤੇ ਕਿਸਾਨੀ ਮੁੱਦਿਆਂ 'ਤੇ ਵਾਅਦੇ ਅਤੇ ਦਾਅਵੇ ਤਾਂ ਬਹੁਤ ਕਰਦੀ ਹੈ ਪਰ ਉਸ ਨੂੰ ਪੂਰਾ ਕਰਨ ਦੀ ਥਾਂ ਸਰਕਾਰ ਬਾਕੀ ਬਚੀ ਦਰੋਹਰ ਨੂੰ ਵੀ ਵੇਚਦੀ ਨਜ਼ਰ ਆ ਰਹੀ ਹੈ। ਰਾਮਪਾਲ ਅਨੁਸਾਰ ਬਠਿੰਡਾ ਥਰਮਲ ਪਲਾਂਟ ਤੋਂ ਕਿਸਾਨਾਂ ਨੂੰ ਵਧੇਰੇ ਲਾਭ ਹੋਣਾ ਸੀ ਪਰ ਸਰਕਾਰ ਦੇ ਵੇਚਣ ਦੇ ਫ਼ੈਸਲੇ ਨੇ ਜਿੱਥੇ ਕਿਸਾਨਾਂ ਦੀਆਂ ਆਸਾਂ ਨੂੰ ਖੋਰਾ ਲਾਇਆ ਹੈ ਉੱਥੇ ਹੀ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਕੰਮ ਕਰਦੇ ਲੋਕ ਵੀ ਬੇਰੁਜ਼ਗਾਰ ਹੋ ਗਏ ਹਨ।