ਲਹਿਰਾਗਾਗਾ: ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਪੱਧਰ 'ਤੇ ਵਿਰੋਧ ਦਾ ਅਖਾੜਾ ਭਖ ਚੁੱਕਿਆ ਹੈ। ਕਿਸਾਨ, ਮਜ਼ਦੂਰ, ਆੜ੍ਹਤੀਤੇ ਅਤੇ ਹਰ ਵਰਗ ਇਨ੍ਹਾਂ ਬਿੱਲਾਂ ਨੂੰ ਕਿਸਾਨ ਅਤੇ ਲੋਕ ਮਾਰੂ ਦੱਸ ਵਿਰੋਧ ਕਰ ਰਿਹਾ ਹੈ। ਹੁਣ ਪਿੰਡਾਂ ਦੀਆਂ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਵੀ ਸੰਸਦ ਵੱਲੋਂ ਪਾਸ ਕੀਤੇ ਬਿੱਲਾਂ ਵਿਰੁੱਧ ਉੱਠ ਖੜ੍ਹੀਆਂ ਹੋਈਆਂ ਹਨ। ਸੰਗਰੂਰ ਜ਼ਿਲ੍ਹੇ ਦੇ ਪਿੰਡ ਲਹਿਲ ਕਲਾਂ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਪਿੰਡ ਲਹਿਲ ਕਲਾਂ ਦੀ ਪੰਚਾਇਤ ਨੇ ਪਿੰਡ ਦੀ ਗ੍ਰਾਮ ਸਭਾ ਸੱਦ ਕੇ ਇਨ੍ਹਾਂ ਖੇਤੀ ਬਿੱਲਾਂ ਵਿਰੁੱਧ ਮਤਾ ਪਾ ਦਿੱਤਾ ਹੈ ਅਤੇ ਇਹ ਮਤਾ ਹੁਣ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ।
ਖੇਤੀ ਬਿੱਲਾ ਵਿਰੁੱਧ ਪਏ ਮਤੇ ਬਾਰੇ ਦੱਸਦੇ ਹੋਏ ਪਿੰਡ ਲਹਿਲ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਨੇ ਕਿਹਾ ਇਹ ਬਿੱਲ ਕਿਸਾਨ ਅਤੇ ਲੋਕ ਮਾਰੂ ਹਨ। ਉਨ੍ਹਾਂ ਕਿਹਾ ਪਿੰਡ ਦੇ ਹਰ ਵਰਗ, ਹਰ ਸਿਆਸੀ ਪਾਰਟੀ ਨੇ ਖੇਤੀ ਬਿੱਲਾਂ ਵਿਰੁੱਧ ਪਏ ਇਸ ਮਤੇ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਗ੍ਰਾਮ ਸਭਾ ਨੇ ਬਿੱਲਾਂ ਵਿਰੁੱਧ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ।