ਸੰਗਰੂਰ :ਸੰਗਰੂਰ ਦੇ ਪਿੰਡ ਨਮੋਲ ਪਿੰਡ ਦੀ ਪੰਚਾਇਤ ਵੱਲੋਂ ਨਸ਼ੇ ਨੂੰ ਰੋਕਣ ਦੇ ਲਈ ਮਤਾ ਪਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਇੱਥੇ ਨਾਜ਼ਾਇਜ ਸ਼ਰਾਬ ਪੀਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਸ ਸੰਬੰਧੀ ਪੀੜਤਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਤਿੰਨਾਂ ਮਜ਼ਦੂਰਾਂ ਨੇ ਰਾਤ ਨੂੰ ਇਕੱਠੇ ਸ਼ਰਾਬ ਪੀਤੀ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤਿੰਨੇ ਮਜ਼ਦੂਰ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਰਾਤ ਸਮੇਂ ਇਕੱਠੇ ਬੈਠੇ ਸ਼ਰਾਬ ਪੀ ਰਹੇ ਸਨ ਪਰ ਜਦੋਂ ਸਵੇਰੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਚਮਕੌਰ ਸਿੰਘ ਦੀ ਪਤਨੀ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਰਾਬ ਪੀ ਕੇ ਸੌਂਦਾ ਸੀ ਪਰ ਅੱਜ ਸਵੇਰੇ ਜਦੋਂ ਉਹ ਨਾ ਉਠਿਆ ਤਾਂ ਦੇਖਿਆ ਕਿ ਉਸਦੀ ਮੌਤ ਹੋ ਚੁੱਕੀ ਹੈ।
ਲੋਕਾਂ ਨੇ ਲਾਏ ਇਲਜ਼ਾਮ :ਇਸ ਸੰਬੰਧੀ ਉਕਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ 'ਚ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ ਅਤੇ ਉਕਤ ਮਜ਼ਦੂਰਾਂ ਦੀ ਮੌਤ ਵੀ ਉਕਤ ਨਾਜਾਇਜ ਤਰੀਕੇ ਨਾਲ ਬਣਾਈ ਗਈ ਸ਼ਰਾਬ ਪੀਣ ਨਾਲ ਹੋਈ ਹੈ। ਪਿੰਡ ਵਾਲਿਆਂ ਨੇ ਪ੍ਰਸ਼ਾਸਨ 'ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਨਾ ਤਾਂ ਪ੍ਰਸ਼ਾਸਨ ਇਸ ਪ੍ਰਤੀ ਸੁਚੇਤ ਹੈ ਅਤੇ ਨਾ ਹੀ ਕੋਈ ਹੋਰ। ਜੇਕਰ ਸ਼ਰਾਬ ਵੇਚਣ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਪਿੰਡ ਦੀ ਤਰਫੋਂ ਸੰਘਰਸ਼ ਵਿੱਢਿਆ ਜਾਵੇਗਾ।