ਸੰਗਰੂਰ: ਪਿੰਡ ਭੁਟਾਲ ਕਲਾਂ 'ਚ ਪੰਜਾਬ ਦਾ ਪਹਿਲਾ ਤੇ ਦੇਸ਼ ਦੇ ਪਹਿਲਾ ਪੇਂਡੂ ਖੇਤਰ 'ਚ ਏ.ਸੀ. ਬੱਸ ਅੱਡਾ ਬਣਾਇਆ ਗਿਆ ਹੈ। ਪੇਂਡੂ ਖੇਤਰ 'ਚ ਬਣੇ ਇਸ ਵੱਡੇ ਉਪਰਾਲੇ ਲਈ ਸਰਪੰਚ ਦੀ ਇਲਾਕੇ ਵਿੱਚ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ। ਸਰਪੰਚ ਗੁਰਬਿੰਦਰ ਸਿੰਘ ਬੱਗੜ ਨੇ ਪਹਿਲਕਦਮੀ ਕਰਦਿਆਂ ਪਿੰਡ 'ਚ ਏ.ਸੀ. ਬੱਸ ਅੱਡੇ ਦੀ ਉਸਾਰੀ ਕਰਵਾਈ ਹੈ।
ਪੰਜਾਬ ਦਾ ਪਹਿਲਾ ਏ.ਸੀ. ਬੱਸ ਅੱਡਾ ਇਸ ਏ.ਸੀ. ਬੱਸ ਅੱਡੇ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕੀਤਾ। ਪਿੰਡ 'ਚ ਸਮਾਰਟ ਬੱਸ ਸਟੈਂਡ ਤੋਂ ਇਲਾਵਾ ਸੀ.ਸੀ.ਟੀ.ਵੀ ਕੈਮਰੇ ਤੇ 2 ਬਾਥਰੂਮ ਵੀ ਬਣਾਏ ਗਏ ਹਨ।
ਇਸ ਮੌਕੇ ਬੀਬੀ ਭੱਠਲ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਪਿੰਡ ਹੈ ਜਿਸ ਦਾ ਬੱਸ ਅੱਡਾ ਏ.ਸੀ. ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਹਿਰਾਗਾਗਾ ਵਿਖੇ ਵੀ 15 ਵਰ੍ਹੇ ਪਹਿਲਾਂ ਆਧੁਨਿਕ ਬੱਸ ਸਟੈਂਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਅਕਾਲੀ ਸਰਕਾਰ ਆਉਣ 'ਤੇ ਵਿਚਕਾਰ ਹੀ ਲਟਕ ਗਿਆ। ਉਨ੍ਹਾਂ ਕਿਹਾ ਕਿ ਹਲਕਾ ਲਹਿਰਾਗਾਗਾ ਦੇ ਲੋਕਾਂ ਦੀ ਮੰਗ 'ਤੇ ਹਰ ਅਧੂਰਾ ਕੰਮ ਪਹਿਲ ਦੇ ਆਧਾਰ ਉੱਪਰ ਕਰਵਾਉਣ ਦਾ ਟੀਚਾ ਮਿੱਥਿਆ ਹੈ।
ਦੂਜੇ ਪਾਸੇ ਪਿੰਡ ਦੇ ਲੋਕ ਬਹੁਤ ਖੁਸ਼ ਹਨ, ਕਿਉਂਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਦੇਸ਼ ਦਾ ਪਹਿਲਾ ਦਿਹਾਤੀ ਏ.ਸੀ ਬੱਸ ਅੱਡਾ ਉਨ੍ਹਾਂ ਦੇ ਪੱਛੜੇ ਖੇਤਰ ਵਿੱਚ ਬਣਾਇਆ ਜਾਵੇਗਾ। ਇਹ ਇਸ ਪਿੰਡ ਦੇ ਸਰਪੰਚ ਦੀ ਸੋਚ ਸੀ।