ਸੰਗਰੂਰ: ਇੱਕ ਤਾਂ ਪਹਿਲਾਂ ਹੀ ਕੋਰੋਨਾ ਨੇ ਗ਼ਰੀਬ ਲੋਕਾਂ ਦਾ ਔਖਾ ਕਰ ਦਿੱਤਾ ਹੈ, ਉੱਤੋਂ ਦੀ ਹੁਣ ਪੰਜਾਬ ਸਰਕਾਰ ਨੇ ਵੀ ਔਖਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਕੋਰੋਨਾ ਮਹਾਂਮਾਰੀ ਦੇ ਭਿਅੰਕਰ ਸਮੇਂ ਵਿੱਚ ਗ਼ਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਬੰਦ ਕਰ ਦਿੱਤੇ ਹਨ।
ਇਸ ਨੂੰ ਲੈ ਕੇ ਵਾਰਡ ਨੰਬਰ 25 ਦੇ ਵਾਸੀਆਂ ਨੇ ਅਵਤਾਰ ਸਿੰਘ ਤਾਰਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਾਸੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਰਾਸ਼ਨ ਕਾਰਡਾਂ ਨੂੰ ਸੂਚੀ ਵਿੱਚੋਂ ਕੱਟ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਤਾਂ ਪਹਿਲਾਂ ਹੀ ਕੋਰੋਨਾ ਵਾਇਰਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਔਖਾ ਕਰ ਦਿੱਤਾ ਹੈ, ਹੁਣ ਸਰਕਾਰ ਵੀ ਉਨ੍ਹਾਂ ਦੇ ਦੁਆਲੇ ਹੋ ਗਈ ਹੈ।
ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਘਰ ਵਿੱਚ 2 ਜੀਅ ਹਨ ਤੇ ਕਮਾਉਣ ਵਾਲਾ ਕੋਈ ਵੀ ਨਹੀਂ ਹੈ। ਉਨ੍ਹਾਂ ਦਾ ਗੁਜ਼ਾਰਾ ਇਸ ਰਾਸ਼ਨ ਕਾਰਡ ਤੋਂ ਮਿਲਣ ਵਾਲੇ ਮੁਫ਼ਤ ਅਨਾਜ ਨਾਲ ਹੀ ਹੁੰਦਾ ਸੀ, ਪਰ ਸਰਕਾਰ ਨੇ ਹੁਣ ਉਹ ਵੀ ਬੰਦ ਕਰ ਦਿੱਤਾ ਹੈ। ਹੁਣ ਜਾਣ ਤਾਂ ਕਿੱਧਰ ਜਾਣ।
ਵਾਸੀਆਂ ਪੰਜਾਬ ਸਰਕਾਰ ਵਿਰੁੱਧ ਹੋਰ ਵੀ ਦੋਸ਼ ਲਾਏ ਹਨ ਕਿ ਜਦੋਂ ਕੇਂਦਰ ਸਰਕਾਰ ਨੇ ਲੌਕਡਾਊਨ ਦੌਰਾਨ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਲਈ ਕਿਹਾ ਸੀ, ਪਰ ਪ੍ਰਸ਼ਾਸਨ ਦੇ ਲੋਕ ਇੱਕ ਵਾਰ ਰਾਸ਼ਨ ਦੇਣ ਆਏ ਤੇ ਉਸ ਤੋਂ ਬਾਅਦ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ।