ਮੁੱਖ ਮੰਤਰੀ ਦੇ ਹਲਕੇ ਧੂਰੀ 'ਚ ਅੱਠ ਜ਼ਿਲ੍ਹਿਆਂ ਦੇ ਪਟਵਾਰੀਆਂ ਨੇ ਖੋਲ੍ਹ ਦਿੱਤਾ ਮੋਰਚਾ ਸੰਗਰੂਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਰ ਵਰਗ ਦੇ ਨਾਲ ਵਾਅਦਾ ਕੀਤਾ ਗਿਆ ਸੀ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਹਨ ਸਾਡੀ ਸਰਕਾਰ ਬਣਦੇ ਸਾਰ ਹੀ ਉਨ੍ਹਾਂ ਦਾ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿਚ ਬਣੇ ਸਵਾ ਸਾਲ ਬੀਤ ਜਾਣ ਤੋਂ ਬਾਅਦ ਵੀ ਧਰਨੇ ਪ੍ਰਦਰਸ਼ਨ ਪਹਿਲਾਂ ਦੀ ਤਰ੍ਹਾਂ ਲਗਾਤਾਰ ਜਾਰੀ ਹੈ। ਕਿਤੇ ਅਧਿਆਪਕ ਤਾਂ ਕਿਤੇ ਹੋਰ ਵਰਗ ਪੰਜਾਬ 'ਚ ਲਗਾਤਾਰ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਲਗਾ ਰਿਹਾ ਹੈ।
ਸਰਕਾਰ ਬਣਨ ਤੋਂ ਪਹਿਲਾਂ ਕੀਤੇ ਸੀ ਵਾਅਦੇ: ਇਸ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿੱਚ ਅੱਠ ਜ਼ਿਲ੍ਹਿਆਂ ਦੇ ਪਟਵਾਰੀਆਂ ਵਲੋਂ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਨੇ ਸਾਡੇ ਨਾਲ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ, ਉਹ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਾਡੀ ਸਰਕਾਰ ਬਣਦੇ ਸਾਰ ਹੀ ਤੁਹਾਨੂੰ ਪੱਕਾ ਕੀਤਾ ਜਾਏਗਾ। ਉਨ੍ਹਾਂ ਨਾਲ ਹੀ ਕਿ ਮੁੱਖ ਮੰਤਰੀ ਨੇ ਪਟਵਾਰੀਆਂ ਵੱਲੋਂ ਕੀਤੀ ਜਾ ਰਹੀ ਟ੍ਰੇਨਿੰਗ ਵਿੱਚ ਵੀ ਕਟੌਤੀ ਕਰਦੇ ਡੇਢ ਸਾਲ ਨੂੰ ਘਟਾ ਕੇ ਇੱਕ ਸਾਲ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਤਨਖਾਹ 'ਚ ਵਾਧਾ ਕਰਨ ਦੀ ਗੱਲ ਕੀਤੀ ਗਈ ਸੀ।
ਮੁੱਖ ਮੰਤਰੀ ਨਾਲ ਨਹੀਂ ਮਿਲ ਰਿਹਾ ਮੀਟਿੰਗ ਦਾ ਸਮਾਂ: ਧਰਨਾ ਦੇ ਰਹੇ ਪਟਵਾਰੀਆਂ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਨ ਮਾਨ ਵਲੋਂ ਕਦੇ ਵੀ ਪਟਵਾਰੀਆਂ ਦੀ ਸਾਰ ਨਹੀ ਲਈ ਗਈ। ਜਿਸ ਤੋਂ ਦੁਖੀ ਹੋ ਕੇ ਅੱਜ ਅੱਠ ਜ਼ਿਲ੍ਹਿਆਂ ਦੇ ਪਟਵਾਰੀਆਂ ਨੇ ਹਲਕਾ ਧੂਰੀ ਵਿੱਚ ਇਕੱਠ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਪਟਵਾਰੀ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਜੇਕਰ ਅੱਜ ਵੀ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਨਾ ਦਿੱਤੀ ਗਈ ਤਾਂ ਸਾਡੇ ਵੱਲੋਂ ਮੁੱਖ ਮੰਤਰੀ ਦਫਤਰ ਅੱਗੇ ਰੋਸ ਮਾਰਚ ਕਰਦੇ ਹੋਏ ਹਾਈਵੇ ਨੂੰ ਜਾਮ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਮੌਜੂਦਾ ਸਰਕਾਰ ਪਟਵਾਰੀਆਂ ਦਾ ਕਰ ਰਹੀ ਸ਼ੋਸ਼ਣ:ਪਟਵਾਰੀਆਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਅੱਜ ਮਹਿਜ਼ ਅੱਠ ਜ਼ਿਲ੍ਹਿਆਂ ਦਾ ਇਕੱਠ ਕੀਤਾ ਗਿਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਦਾ ਇਕੱਠ ਕਰਕੇ ਕੋਈ ਵੱਡਾ ਸੰਘਰਸ਼ ਵਿੱਢਿਆ ਜਾਏਗਾ। ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਦੁਖੀ ਹੋ ਕੇ ਇਸ ਸਰਕਾਰ ਨੂੰ ਸੱਤਾ 'ਚ ਲਿਆ ਕੇ ਬਦਲਾਅ ਲਿਆਂਦਾ ਸੀ ਪਰ ਇਸ ਸਰਕਾਰ ਨੇ ਵੀ ਸਾਡਾ ਸੋਸ਼ਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟ੍ਰੇਨਿੰਗ ਡੇਢ ਸਾਲ ਦੀ ਲਗਾਤਾਰ ਚੱਲ ਰਹੀ ਹੈ ਤੇ ਨਿਗੂਣੀ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਕੋਈ ਵੀ ਐਲਾਨ ਜੋ ਲਾਗੂ ਹੀ ਨਹੀਂ ਕੀਤਾ ਗਿਆ।