ਸੰਗਰੂਰ: ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਦੀ ਕੈਬਿਨੇਟ ਵੱਲੋਂ ਲਏ ਫ਼ੈਸਲਿਆਂ ਨੂੰ ਮਹਿਜ਼ ਦਿਖਾਵਾ ਤੇ ਲੀਪਾ ਪੋਚੀ ਵਾਲੇ ਦੱਸਦਿਆਂ ਕਿਹਾ ਹੈ ਕਿ ਇੱਕ ਪਾਸੇ ਸਰਕਾਰ ਖਜ਼ਾਨਾ ਖਾਲ੍ਹੀ ਹੋਣ ਦਾ ਰਾਗ ਅਲਾਪਦੀ ਹੈ ਅਤੇ ਵਿੱਤੀ ਐਮਰਜੈਂਸੀ ਲੱਗਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕਰਮਚਾਰੀਆਂ ਨੂੰ ਡੀਏ ਭੱਤੇ ਕਿਸ ਸੂਰਤ ’ਚ ਵਧਾਕੇ ਦੇਵੇਗੀ।
ਸੋਮਵਾਰ ਨੂੰ ਸ਼ਾਮ ਗਊਸ਼ਾਲਾ ਕਮੇਟੀ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਰੋਹ ’ਚ ਹਿੱਸਾ ਲੈਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਦੇਖਿਆ ਕਿ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਅਧੂਰੀਆਂ ਪਈਆਂ ਹਨ ਇਸ ਲਈ ਸਰਕਾਰ ਨੇ ਮੀਟਿੰਗ ਵਿੱਚ ਲੀਪਾ ਪੋਚੀ ਕੀਤੀ ਹੈ ਅਤੇ ਕੈਪਟਨ ਸਰਕਾਰ ਪੇ-ਕਮਿਸ਼ਨ ਦੀ ਰਿਪੋਰਟ ਤਿੰਨ ਸਾਲ ਦੇ ਬਾਅਦ ਵੀ ਨਹੀਂ ਲੈ ਸਕੀ ਜਦਕਿ ਇੱਕ ਸਾਲ ’ਚ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਂਦੀ ਰਹੀ ਹੈ।