ਸੰਗਰੂਰ: ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਵਿਖੇ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਅਕਾਲੀ ਦਲ ਅਤੇ ਸੂਬਾ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਉਨ੍ਹਾਂ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਅਕਾਲੀ ਦਲ ਨੂੰ ਕਿਹਾ ਕਿ ਉਹ ਦੋਗਲੀ ਨੀਤੀ ਅਪਣਾਉਂਦੇ ਹਨ।
ਅਕਾਲੀ ਦਲ ਕੇਂਦਰ ਵਿੱਚ ਸਰਕਾਰ ਦਾ ਸਾਥ ਦੇ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਵਿਰੁੱਧ ਗੱਲਾਂ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਢੀਂਡਸਾ ਨੇ ਕਿਹਾ ਕਿ ਜੇਕਰ ਉਹ ਕੇਂਦਰ ਦਾ ਸਾਥ ਦੇ ਰਹੀ ਹੈ ਤਾਂ ਦ੍ਰਿੜਤਾ ਨਾਲ ਆਪਣੀ ਗੱਲ 'ਤੇ ਰਹੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਬੋਲਦਿਆਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਜਦੋਂ ਲੋਕਾਂ ਦੀ ਜੇਬ ਵਿੱਚ ਪੈਸਾ ਨਹੀਂ, ਉਹ ਐਕਸਾਈਜ਼ ਵਧਾ ਕੇ ਲੋਕਾਂ ਦੀ ਜੇਬ 'ਤੇ ਹੋਰ ਬੋਝ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਅਜਿਹੀ ਸਮਿਆਂ ਵਿੱਚ ਲੋਕਾਂ ਦਾ ਸਾਥ ਦੇਣ ਲਈ ਬਣੀਆਂ ਹੁੰਦੀਆਂ ਹਨ, ਪਰ ਇਥੇ ਤਾਂ ਸਰਕਾਰ ਲੋਕਾਂ ਨੂੰ ਹੋਰ ਲੁੱਟਣ 'ਤੇ ਤੁਲੀ ਹੋਈ ਹੈ।
ਇਹ ਵੀ ਪੜ੍ਹੋ: ਮੁੰਬਈ ਏਅਰਪੋਰਟ ਘੋਟਾਲਾ: CBI ਨੇ ਜੀਵੀਕੇ ਗਰੁੱਪ ਤੇ ਏਅਰਪੋਰਟ ਅਥਾਰਿਟੀ ਵਿਰੁੱਧ ਦਰਜ ਕੀਤਾ ਮਾਮਲਾ
ਅਕਾਲੀ ਦਲ ਤੋਂ ਵੱਖ ਹੋ ਚੁੱਕੇ ਢੀਂਡਸਾ ਨੇ ਆਪਣੀ ਵੱਖਰੀ ਪਾਰਟੀ ਬਣਾਉਣ ਬਾਰੇ ਕਿਹਾ ਕਿ ਉਹ ਆਪਣੇ ਸਾਰੇ ਸਾਥੀਆਂ ਨਾਲ ਸਲਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਉਹ ਆਪਣੇ ਫੈਸਲੇ ਨੂੰ ਲੋਕਾਂ ਅੱਗੇ ਲੈ ਕੇ ਆਉਣਗੇ।