ਲਹਿਰਾਗਾਗਾ: ਪਿੰਡ ਮੂਨਕ ਵਿਖੇ ਸ਼ੁੱਕਰਵਾਰ ਨਿੱਜੀ ਸਕੂਲਾਂ ਵੱਲੋਂ ਫੀਸਾਂ ਮੰਗਣ ਤੋਂ ਅੱਕੇ ਮਾਪਿਆਂ ਨੇ ਐਸਡੀਐਮ ਦਫ਼ਤਰ ਵਿਖੇ ਰੋਸ ਧਰਨਾ ਲਗਾ ਦਿੱਤਾ। ਮਾਪਿਆਂ ਨੇ ਨਿੱਜੀ ਸਕੂਲ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਵਰਗੇ ਨਾਅਰੇ ਵੀ ਲਾਏ। ਮਾਪਿਆਂ ਨੇ ਕਿਹਾ ਕਿ ਉਹ ਕਿਸੇ ਕੀਮਤ 'ਤੇ ਫ਼ੀਸ ਨਹੀਂ ਭਰਨਗੇ।
ਨਾਜਾਇਜ਼ ਫ਼ੀਸਾਂ ਮੰਗਣ ਵਿਰੁੱਧ ਮਾਪਿਆਂ ਨੇ ਐਸਡੀਐਮ ਦਫ਼ਤਰ ਅੱਗੇ ਲਾਇਆ ਧਰਨਾ ਧਰਨੇ ਦੌਰਾਨ ਬਲਜੀਤ ਸਿੰਘ ਉਰਫ ਰਿੰਕੂ ਸੈਣੀ ਨੇ ਕਿਹਾ ਕਿ ਕੋਰੋਨਾ ਕਾਰਨ ਸਕੂਲ ਬੰਦ ਪਏ ਹਨ ਅਤੇ ਵਿਦਿਆਰਥੀ ਕੋਈ ਵੀ ਟਰਾਂਸਪੋਰਟ ਜਾਂ ਇਮਾਰਤ ਦੀ ਵਰਤੋਂ ਨਹੀਂ ਕਰ ਰਹੇ, ਪਰ ਨਿੱਜੀ ਸਕੂਲ ਫੋਨ ਕਰਕੇ ਜਬਰੀ ਫੀਸਾਂ ਭਰਨ ਲਈ ਮਾਪਿਆਂ 'ਤੇ ਦਬਾਅ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਨਿੱਜੀ ਸਕੂਲ ਆਨਲਾਈਨ ਪੜ੍ਹਾਈ ਦੀ ਆੜ ਵਿੱਚ ਮਾਪਿਆਂ ਨਾਲ ਠੱਗੀ ਮਾਰ ਰਹੇ ਹਨ। ਇਸ ਸਬੰਧੀ ਪਹਿਲਾਂ ਵੀ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨ 'ਤੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਇਹ ਰੋਸ ਧਰਨਾ ਲਾਇਆ ਗਿਆ।
ਇੱਕ ਹੋਰ ਧਰਨਾਕਾਰੀ ਗਗਨਦੀਪ ਸ਼ਰਮਾ ਨੇ ਕਿਹਾ ਕਿ ਇਹ ਧਰਨਾ ਪ੍ਰਾਈਵੇਟ ਸਕੂਲਾਂ ਵੱਲੋਂ ਨਾਜਾਇਜ਼ ਫ਼ੀਸਾਂ ਮੰਗੇ ਜਾਣ ਵਿਰੁੱਧ ਲਾਇਆ ਹੈ। ਨਾਲ ਹੀ ਇਹ ਧਰਨਾ ਪੰਜਾਬ ਸਰਕਾਰ ਵਿਰੁੱਧ ਹੈ, ਕਿਉਂਕਿ ਮਾਪਿਆਂ ਦੀ ਲੁੱਟ ਕੀਤੀ ਜਾ ਰਹੀ ਹੈ, ਉਥੇ ਪੰਜਾਬ ਸਰਕਾਰ ਕਾਰਵਾਈ ਨਾ ਕਰਕੇ ਨਿੱਜੀ ਸਕੂਲਾਂ ਨੂੰ ਉਤਸ਼ਾਹ ਕਰ ਰਹੀ ਹੈ।
ਕਮੇਟੀ ਦੇ ਆਗੂਆਂ ਨੇ ਸਪੱਸ਼ਟ ਮੰਗ ਕੀਤੀ ਕਿ ਜੇਕਰ ਸਰਕਾਰਾਂ ਕੋਰੋਨਾ ਸੰਕਟ ਵਿੱਚ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦੇ ਟੈਕਸ ਮੁਆਫ਼ ਕਰ ਸਕਦੀ ਹੈ, ਤਾਂ ਦੇਸ਼ ਦੇ ਭਵਿੱਖ ਬਣਨ ਵਾਲੇ ਬੱਚਿਆਂ ਨੂੰ ਫ਼ੀਸਾਂ ਵਿੱਚ ਛੋਟ ਕਿਉਂ ਨਹੀਂ ਦੇ ਸਕਦੀ?