ਸੰਗਰੂਰ/ਟਿੱਕਰੀ ਬਾਰਡਰ: ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਔਰਤਾਂ ਵਿੱਚ ਆਪਣਾ ਪੂਰਾ-ਪੂਰਾ ਸਾਥ ਦੇ ਰਹੀਆਂ ਹਨ। ਟਿੱਕਰੀ ਬਾਰਡਰ ਉੱਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਸੰਗਰੂਰ ਦੀ ਇੱਕ 28 ਸਾਲਾ ਨਵ-ਵਿਆਹੀ ਔਰਤ ਸਰਵੀਰ ਕੌਰ ਵੀ ਪਹੁੰਚੀ ਹੈ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਸਰਵੀਰ ਕੌਰ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਵਿੱਚ ਕੇਵਲ ਉਨ੍ਹਾਂ ਦਾ ਹੀ ਨਹੀਂ, ਸਗੋਂ ਹੋਰ ਵੀ ਕਈ ਪਰਿਵਾਰ ਆਏ ਹੋਏ ਹਨ। ਉਸ ਨੇ ਦੱਸਿਆ ਉਹ ਇਥੇ ਆਪਣੀ ਸੱਸ ਦੇ ਨਾਲ ਆਈ ਹੋਈ ਹੈ, ਬਲਕਿ ਉਸ ਦੀ ਸੱਸ ਪਹਿਲੇ ਹੀ ਦਿਨ ਤੋਂ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੈ।
ਤੁਹਾਨੂੰ ਦੱਸ ਦਈਏ ਕਿ ਸਰਵੀਰ ਕੌਰ ਪੰਜਾਬੀ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੀ ਹੈ ਅਤੇ ਨਾਲ ਹੀ ਉਹ ਇੱਕ ਨਾਟਕ ਕਲਾਕਾਰ ਵੀ ਹੈ। ਉਸ ਨੇ ਦੱਸਿਆ ਕਿ 7 ਨਵੰਬਰ ਨੂੰ ਉਸ ਦਾ ਵਿਆਹ ਸੀ ਅਤੇ ਉਸ ਦੀ ਸੱਸ ਸਿਰਫ਼ ਵਿਆਹ ਵਾਲੇ ਦਿਨ ਹੀ ਘਰ ਆਈ, ਪਰ ਉਸ ਤੋਂ ਬਾਅਦ ਉਹ ਨਿਰੰਤਰ ਇਥੇ ਔਰਤਾਂ ਨੂੰ ਜਾਗੂਰਕ ਰਹੀ ਹੈ।
ਉਸ ਨੇ ਪੰਜਾਬ ਦੀਆਂ ਹੋਰਨਾਂ ਲੜਕੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰ ਬੈਠਿਆਂ ਵੀ ਇਸ ਕਿਸਾਨੀ ਸੰਘਰਸ਼ ਵਿੱਚ ਹਿੱਸਾ ਪਾ ਸਕਦੀਆਂ ਹਨ। ਉਸ ਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਅਖ਼ਬਾਰਾਂ ਲਈ, ਮੈਗਜ਼ੀਨਾਂ ਲਈ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੇ ਲਈ ਲੇਖ ਵਗੈਰਾਂ ਲਿਖਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ।
ਇਸ ਬਾਬਤ ਸਰਵੀਰ ਦੀ ਸੱਸ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਬਚਪਨ ਤੋਂ ਲੋਕ ਸੰਘਰਸ਼ਾਂ ਵਿੱਚ ਸਾਥ ਦਿੰਦੀ ਆ ਰਹੀ ਹੈ। ਉਸ ਨੇ ਦੱਸਿਆ ਕਿ ਇਸ ਅੰਦੋਲਨ ਵਿੱਚ ਉਹ, ਉਸ ਦੀ ਨੂੰਹ ਅਤੇ ਉਸ ਦਾ ਬੇਟਾ ਸ਼ਾਮਲ ਹੈ ਅਤੇ ਪਿੱਛੇ ਘਰ ਉਸ ਦਾ ਘਰਵਾਲਾ ਅਤੇ ਇੱਕ ਹੋਰ ਪੁੱਤਰ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਇਥੇ ਬਾਰਡਰ ਉੱਤੇ ਕੋਈ ਨਾ ਕੋਈ ਗਤੀਵਿਧਿਆ ਕਰਦੇ ਰਹਿੰਦੇ ਹਾਂ, ਜਿਸ ਨਾਲ ਲੋਕਾਂ ਨੂੰ ਹੋਰ ਜਾਗਰੂਕਤਾ ਮਿਲੇ। ਉਨ੍ਹਾਂ ਦੱਸਿਆ ਕਿ ਅਸੀਂ ਮੋਦੀ ਵਿਰੁੱਧ ਕੁੱਝ ਪੰਜਾਬੀ ਬੋਲੀਆਂ ਵੀ ਲਿਖਿਆਂ ਹਨ, ਜਿਨ੍ਹਾਂ ਨੂੰ ਅਸੀਂ ਗਿੱਧੇ ਨਾਲ ਪਾਉਂਦੀਆਂ ਰਹਿੰਦੀਆਂ ਹਾਂ।
ਧਰਨੇ ਵਿੱਚ ਸ਼ਾਮਲ ਹੋਈ ਇੱਕ ਹੋਰ ਔਰਤ ਸੁਖਜੀਤ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਔਰਤਾਂ ਨੂੰ ਸਿਰਫ਼ ਬੱਚਾ ਹੀ ਸਮਝਿਆ ਜਾਂਦਾ ਸੀ, ਪਰ ਹੁਣ ਉਹ ਹਰ ਸੰਘਰਸ਼ ਵਿੱਚ ਰਹਿੰਦੀ ਹੈ, ਸਾਡੀ ਰੂਹ ਬਹੁਤ ਉੱਚੀ ਹੈ। ਉਸ ਨੇ ਦੱਸਿਆ ਕਿ ਇਸ ਧਰਨੇ ਵਿੱਚ ਸ਼ਾਮਲ ਔਰਤਾਂ ਭਾਵੇਂ ਕਿ ਕਈ ਮੁਸ਼ਕਿਲਾਂ ਆ ਰਹੀਆਂ ਹਨ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ।