ਸੰਗਰੂਰ: ਅਕਸਰ ਹੀ, ਲੋੜਵੰਦਾਂ ਲਈ ਕਈ ਦਾਨੀ ਸੱਜਣ ਅੱਗੇ ਆ ਕੇ ਉਨ੍ਹਾਂ ਦਾ ਹੱਥ ਫੜ੍ਹਦੇ ਹਨ। ਉਨ੍ਹਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕਦੇ ਹਨ। ਅਜਿਹੇ ਹੀ ਦਾਨੀ ਸੱਜਣ ਦੀ ਜ਼ਰੂਰਤ ਹੈ ਪਿੰਡ ਹਰਿਆਓ ਵਿਖੇ ਇਕ 75 ਸਾਲਾ ਬਜ਼ੁਰਗ ਨੂੰ, ਜਿਸ ਦੇ ਸਾਰੇ ਪਰਿਵਾਰਕ ਮੈਂਬਰ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਹੁਣ ਇਕੱਲਾ ਠੇਡੇ ਖਾਣ ਅਤੇ ਢਿੱਡੋਂ ਭੁੱਖਾ ਰਹਿਣ ਲਈ ਮਜ਼ਬੂਰ ਹੈ। ਪਿੰਡ ਹਰਿਆਊ ਦਾ ਜਮੇਰ ਸਿੰਘ, ਜਿਸਦੇ ਘਰ ਵਿੱਚ ਦੋ ਹੀ ਕਮਰੇ ਹਨ ਜਿਨ੍ਹਾਂ ਵਿੱਚੋਂ ਇੱਕ ਢਹਿ ਗਿਆ ਹੈ ਅਤੇ ਦੂਜੇ ਦੀ ਛੱਤ ਡਿੱਗਣ ਕਿਨਾਰੇ ਹੈ ਜਿਸ ਦੇ ਬਾਲੇ ਟੁੱਟੇ ਪਏ ਹਨ, ਜੋ ਕਿਸੇ ਵੇਲੇ ਵੀ ਜਮੇਰ ਸਿੰਘ ਦੀ ਜਾਨ ਲੈ (Needy Old Man in Sangrur) ਸਕਦੇ ਹਨ।
ਪੀੜਤ ਜਮੇਰ ਸਿੰਘ ਨੇ ਦੱਸਿਆ ਕਿ ਮੇਰੇ ਕੋਲ ਦਵਾਈ ਲਈ ਵੀ ਪੈਸੇ ਨਹੀਂ ਹਨ, ਬਿਰਧ ਹੋਣ ਕਾਰਨ ਦਿਹਾੜੀ ਵੀ ਨਹੀਂ ਹੁੰਦੀ। ਕਦੇ ਕਦਾਈਂ ਕਿਸੇ ਘਰ ਥੋੜ੍ਹਾ ਬਹੁਤਾ ਕੰਮ ਕਰਕੇ 20-30 ਰੁਪਏ ਮਿਲ ਜਾਂਦੇ ਹਨ। ਜਿਸ ਦੀ ਦਵਾਈ ਆਦਿ ਲੈ ਲੈਂਦਾ ਹਾਂ। ਇਸੇ ਤਰ੍ਹਾਂ ਚਾਹ ਅਤੇ ਰੋਟੀ ਵੀ ਪਿੰਡ ਵਿੱਚੋਂ ਮੰਗ ਕੇ ਖਾਂਦਾ ਹਾਂ। ਜਿਸ ਦਿਨ ਨਾ ਮਿਲੇ ਤਾਂ ਭੁੱਖੇ ਪੇਟ ਸੌਣ ਲਈ ਮਜਬੂਰ ਹੋਣਾ ਪੈਂਦਾ ਹੈ।