ਮਲੇਰਕੋਟਲਾ: ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਸ਼ਾਹੀ ਮਕਬਰੇ ਦੀ ਇਮਾਰਤ ਖ਼ਸਤਾ ਹੋ ਗਈ ਹੈ, ਤੇ ਉਸ ਦੀ ਸਾਰ ਨਹੀਂ ਲਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ, ਮਲੇਰਕੋਟਲਾ ਅੰਦਰ ਬਣੀਆਂ ਨਵਾਬਾਂ ਦੀਆਂ ਕਬਰਾਂ ਜਿਨ੍ਹਾਂ ਵਿੱਚ ਨਵਾਬ ਸ਼ੇਰ ਮੁਹੰਮਦ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਤੇ ਖ਼ਾਨਦਾਨ ਦੀਆਂ ਕਬਰਾਂ ਮੋਜੂਦ ਹਨ। ਇਨ੍ਹਾਂ ਕਬਰਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਸਤਾ ਹੋ ਚੁੱਕੀ ਹੈ।
ਜੇਕਰ ਅਜੇ ਵੀ ਇਨ੍ਹਾਂ ਸ਼ਾਹੀ ਮਕਬਰਿਆਂ ਦੀ ਸਾਂਭ-ਸੰਭਾਲ ਨਾਂ ਕੀਤੀ ਗਈ ਤਾਂ ਇਹ ਯਾਦਗਾਰ ਕਦੀ ਵੀ ਢਹਿ-ਢੇਰੀ ਹੋ ਸਕਦੀ ਹੈ, ਜੋ ਕਿ ਹੋਲੀ-ਹੋਲੀ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਅਫ਼ਸੋਸ ਵਾਲੀ ਗੱਲ ਤਾਂ ਇਹ ਹੈ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਸ਼ਾਹੀ ਮਕਬਰਿਆਂ ਦੀ ਸਾਂਭ ਸੰਭਾਲ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦਾ ਖ਼ਾਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁੱਕਣਾ ਪੈ ਸਕਦਾ ਹੈ, ਜਦੋਂ ਉਨ੍ਹਾਂ ਦੇ ਦੇਖਣ ਲਈ ਇਹ ਇਤਿਹਾਸਿਕ ਯਾਦਗਾਰਾਂ ਹੀ ਨਹੀਂ ਰਹਿਣਗੀਆਂ।
ਇਸ ਮੌਕੇ ਸਮਾਜ ਸੇਵੀ ਕੇਸਰ ਸਿੰਘ ਨੇ ਕਿਹਾ ਕਿ ਸ਼ਾਹੀ ਮਕਬਰੇ ਦੀ ਹਾਲਤ ਬੜੀ ਖਸਤਾ ਬਣੀ ਹੋਈ ਹੈ, ਜੇਕਰ ਕਿਸੇ ਵੱਲੋਂ ਛੇਤੀ ਧਿਆਨ ਨਾ ਦਿੱਤਾ ਗਿਆ ਤਾਂ ਇਹ ਖੰਡਰ ਬਣ ਜਾਵੇਗਾ। ਸਿੱਖ ਇਤਿਹਾਸ ਨਾਲ ਜੁੜੇ ਨਵਾਬ ਸ਼ੇਰ ਮੁਹੰਮਦ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਜਾਣਿਆ ਜਾਂਦਾ ਰਹੇਗਾ, ਪਰ ਕੋਈ ਵੀ ਉਨ੍ਹਾਂ ਦੀ ਕਬਰ ਦਾ ਰਖਵਾਲਾ ਬਣਕੇ ਅਜੇ ਤੱਕ ਨਹੀਂ ਬਹੁੜਿਆ।
ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਖ਼ਾਨਦਾਨ 'ਚੋਂ ਜਨਾਬ ਨਦੀਮ ਅਨਵਾਰ ਖ਼ਾਨ ਨੇ ਅੱਗੇ ਕਿਹਾ ਕਿ ਉਹ ਛੇਤੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਤੇ ਮੰਗ ਕਰਨਗੇ ਕਿ ਇੱਥੇ ਟੂਰਿਜ਼ਮ ਹੱਬ ਸਥਾਪਿਤ ਕੀਤਾ ਜਾਵੇ। ਇਸ ਦੇ ਨਾਲ ਹੀ ਇਨ੍ਹਾਂ ਸ਼ਾਹੀ ਮਕਬਰਿਆਂ ਦੀ ਦੇਖ-ਰੇਖ ਤੇ ਸਾਂਭ-ਸੰਭਾਲ ਲਈ ਛੇਤੀ ਤੋਂ ਛੇਤੀ ਫੰਡ ਮੁਹੱਈਆ ਕਰਵਾਇਆ ਜਾਵੇ।
ਜ਼ਿਕਰਯੋਗ ਹੈ ਕਿ ਜਦੋਂ ਵਜ਼ੀਰ ਖਾਂ ਦੀ ਕਚਹਿਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਪੇਸ਼ ਕੀਤਾ ਗਿਆ, ਤਾਂ ਵਜ਼ੀਰ ਖ਼ਾਨ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ। ਉਸ ਸਮੇਂ ਕਚਹਿਰੀ ਵਿਚ ਹੋਰਨਾਂ ਤੋਂ ਇਲਾਵਾ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਸਨ।
ਉਸ ਵੇਲੇ ਨਵਾਬ ਨੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਜਿਊਂਦਿਆਂ ਹੀ ਨੀਂਹਾਂ ਵਿਚ ਚਿਨਣ ਦੇ ਹੁਕਮ ਦਾ ਵਿਰੋਧ ਕਰਦਿਆਂ ਇਨ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਬੁਲੰਦ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਧਰਮ ਨੂੰ ਮੰਨਣ ਵਾਲੇ ਆਪਣੇ ਦਿਲਾਂ 'ਚੋਂ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਨਹੀਂ ਭੁਲਾ ਸਕੇ।
ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਕਦੋਂ ਤੱਕ ਨਵਾਬ ਦੀ ਕਬਰ ਜਾਂ ਇਹਨਾਂ ਸ਼ਾਹੀ ਮਕਬਰਿਆਂ ਨੂੰ ਬਚਾਉਣ ਲਈ ਕਦੋਂ ਸਾਹਮਣੇ ਆਉਂਦੀ ਹੈ, ਜਾਂ ਹਾਲੇ ਹੋਰ ਖੰਡਰ ਬਣਨ ਲਈ ਮਜ਼ਬੂਰ ਹੋਣਾ ਪਵੇਗਾ ਇਹਨਾਂ ਸ਼ਾਹੀ ਮਕਬਰਿਆਂ ਨੂੰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।