ਸੰਗਰੂਰ: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਸੰਗਰੂਰ ਵਿਚ ਹੋਈ ਪੰਚਾਇਤ ਯੂਨੀਅਨ ਪੰਜਾਬ ਦੀ ਵੱਡੀ ਮੀਟਿੰਗ ਵਿਚ ਪਹੁੰਚੇ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਜੋ ਸਰਪੰਚਾਂ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਉਨ੍ਹਾਂ ਉੱਤੇ ਵਿਚਾਰ ਚਰਚਾ ਕੀਤੀ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਪੰਚਾਂ ਨੂੰ ਕਮਜ਼ੋਰ ਕਰਨ ਦਾ ਇਲਜ਼ਾਮ ਵੀ ਲਾਇਆ।ਇਸ ਦੌਰਾਨ ਮੀਡਿਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਤੇਰਾਂ ਹਜ਼ਾਰ ਪਿੰਡਾਂ ਦੇ ਸਰਪੰਚਾਂ ਤੋਂ ਉਨ੍ਹਾਂ ਦੀ ਤਾਕਤ ਅਤੇ ਯੋਗਤਾ ਖੋਹ ਰਹੀ ਹੈ। ਇੱਕ ਪਾਸੇ ਪਿੰਡ ਦਾ ਸਰਪੰਚ, ਜੋ ਕਿ ਪਿੰਡ ਦੇ ਵਿਕਾਸ ਅਤੇ ਬਾਕੀ ਕਾਰਜਾਂ ਦੇ ਲਈ ਜਤਨ ਕਰਦਾ ਹੈ ਅਤੇ ਫ਼ੈਸਲੇ ਲੈਂਦਾ ਹੈ, ਅੱਜ ਉਨ੍ਹਾਂ ਸਰਪੰਚਾਂ ਦੀਆਂ ਤਾਕਤਾਂ ਅਤੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਸਾਫ ਪਤਾ ਚਲਦਾ ਹੈ ਕਿ ਪੰਜਾਬ ਸਰਕਾਰ ਖੁਦ ਹਕੂਮਤ ਕਰਨਾ ਚਾਹੁੰਦੀ ਹੈ ਅਤੇ ਖੁਦ ਹੀ ਫੈਸਲੇ ਲੈਣੇ ਚਾਹੁੰਦੀ ਹੈ ਜਿਸ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਹਰ ਇੱਕ ਨਾਲ ਜੱਫੀ ਪਾ ਕੇ ਮਤਭੇਦ ਮਿਟਾਉਣ ਨੂੰ ਤਿਆਰ ਹਾਂ: ਇਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਪਹਿਲਾਂ ਵਾਲੇ ਜਾਣੇ ਜਾਂਦੇ ਅੰਦਾਜ਼ ਵਿਚ ਨਜ਼ਰ ਆਏ ਆਏ ਤਲਖੀ ਭਰੇ ਲਹਿਜੇ 'ਚ ਕਿਹਾ ਕਿ ਅਸੀਂ ਸਰਪੰਚਾਂ ਦੇ ਨਾਲ ਹਾਂ ਸਰਕਾਰ ਦੇ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣ ਦੇਵਾਂਗੇ। ਨਾਲ ਹੀ ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹਾਂਗਾ। ਇਸ ਦੌਰਾਨ ਜਦ ਪੱਤਰਕਾਰਾਂ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਪਾਈ ਜੱਫੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਹਰ ਇੱਕ ਨਾਲ ਜੱਫੀ ਪਾ ਕੇ ਮਤਭੇਦ ਮਿਟਾਉਣ ਨੂੰ ਤਿਆਰ ਹਾਂ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਵੀ ਮੈਨੂੰ ਮਿਲਦੇ ਹਨ ਤਾਂ ਮੈਂ ਉਨ੍ਹਾਂ ਨੂੰ ਵੀ ਬਿਨ੍ਹਾਂ ਮਤਭੇਦ ਦੇ ਗੱਲ ਨਾਲ ਲਵਾਂਗਾ, ਕਿਉਂਕਿ ਸਾਡੇ ਵਿਚਾਰਕ ਮਤਭੇਤ ਹਨ ਨਿੱਜੀ ਨਹੀਂ।