ਪਰਿਵਾਰ ਵੱਲੋਂ ਐਸਐਸਪੀ ਦਫ਼ਤਰ ਅੱਗੇ ਧਰਨਾ, ਪੁਲਿਸ ਉਤੇ ਲਾਏ ਗੰਭੀਰ ਇਲਜ਼ਾਮ ਸੰਗਰੂਰ :ਬੀਤੇ ਦਿਨੀਂ ਨੇੜਲੇ ਪਿੰਡ ਕਾਂਝਲਾ ਦੇ ਨੌਜਵਾਨ ਲਖਵਿੰਦਰ ਸਿੰਘ ਦੇ ਕਤਲ ਦਾ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪਿੰਡ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਦਫ਼ਤਰ ਦੇ ਬਾਹਰ ਵੱਡੇ ਪੱਧਰ ਉਤੇ ਧਰਨਾ ਲਗਾਇਆ ਗਿਆ। ਇਸ ਧਰਨੇ ਦੇ ਵਿੱਚ ਲੱਖਾਂ ਸਿਧਾਣਾ ਵੀ ਪਹੁੰਚੇ। ਇਥੇ ਪ੍ਰਦਰਸ਼ਨਕਾਰੀਆਂ ਵੱਲੋਂ ਨੌਜਵਾਨ ਦੀ ਮੌਤ ਵਿੱਚ ਡੀਐਸਪੀ ਤੇ ਇਕ ਮਹਿਲਾ ਮੁਲਾਜ਼ਮ ਦੀ ਸਾਂਝੇਦਾਰੀ ਹੋਣ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਮਸਤੂਆਣਾ ਵਿਖੇ ਬੀਤੇ ਦਿਨੀਂ ਇੱਕ ਨੌਜਵਾਨ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ ਸੀ। ਉਸ ਦੀ ਲਾਸ਼ ਗੱਡੀ ਵਿੱਚੋਂ ਬਰਾਮਦ ਹੋਈ ਸੀ, ਪੁਲਿਸ ਅਨੁਸਾਰ ਉਸ ਦੇ ਗੋਲ਼ੀ ਲੱਗੀ ਹੋਈ ਸੀ ਤੇ ਪਿਸਤੌਲ ਉਸ ਦੇ ਹੱਥ ਵਿੱਚ ਫੜਿਆ ਹੋਇਆ ਸੀ, ਪਰ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਦੀ ਕਤਲ ਹੋਇਆ ਹੈ।ਇਸ ਮਾਮਲੇ ਵਿੱਚ ਇੱਕ ਮਹਿਲਾ ਮੁਲਾਜ਼ਮ ਤੇ ਡੀਐਸਪੀ ਦੀ ਮਿਲੀਭੁਗਤ ਸਾਹਮਣੇ ਆ ਰਹੀ ਹੈ।
ਕੀ ਹੈ ਮਾਮਲਾ :ਜ਼ਿਕਰਯੋਗ ਹੈ ਕਿ 12 ਜੁਲਾਈ ਨੂੰ ਲਖਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਮਲਕੀਤ ਸਿੰਘ ਵਾਸੀ ਕਾਂਝਲਾ ਗੁਰਦੁਆਰਾ ਮਸਤੂਆਣਾ ਦੇ ਸਾਹਮਣੇ ਇੱਕ ਗੱਡੀ ਵਿੱਚ ਸਵਾਰ ਸੀ, ਜਿਸ ਦੇ ਸਿਰ ਵਿੱਚ ਗੋਲੀਆਂ ਲੱਗੀਆਂ ਸਨ ਅਤੇ ਉਸ ਦੀ ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਮੌਤ ਹੋਣ ਤੋਂ ਦੋ ਦਿਨ ਬਾਅਦ ਲਾਸ਼ ਮੁਰਦਾਘਰ ਵਿੱਚ ਪਈ ਸੀ। ਅੱਠ ਦਿਨ ਬੀਤ ਜਾਣ ਦੇ ਬਾਵਜੂਦ ਥਾਣਾ ਬੜੂਖ ਦੇ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਇਸ ਨੂੰ ਖੁਦਕੁਸ਼ੀ ਦੱਸ ਕੇ ਮੁਲਜ਼ਮਾਂ ਦਾ ਬਚਾਅ ਕਰ ਰਹੀ ਹੈ ਅਤੇ ਪੀੜਤ ਨੂੰ ਇਨਸਾਫ਼ ਦੇਣ ਦੀ ਥਾਂ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਕੇਸ ਨੂੰ ਰਫਾ-ਦਫਾ ਕਰਨਾ ਚਾਹੁੰਦੀ ਐ ਪੁਲਿਸ :ਉੱਥੇ ਹੀ ਪਿੰਡ ਵਾਲਿਆਂ ਨੇ ਇਲਜ਼ਾਮ ਲਗਾਏ ਹਨ ਕਿ ਡੀਐਸਪੀ ਤੇ ਪੁਲਿਸ ਮਹਿਕਮਾ ਮੁਨਸ਼ੀ ਮਹਿਲਾ ਰਵਿੰਦਰ ਕੌਰ ਤੇ ਨੂੰ ਬਚਾਉਣ ਲਈ ਪੂਰਾ ਸਹਿਯੋਗ ਦੇ ਰਹੀ ਹੈ ਅਤੇ ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ, ਜਿਸ ਦੇ ਚਲਦੇ ਪਹਿਲਾਂ ਉਹਨਾਂ ਨੇ ਪਿੰਡ ਦੇ ਵਿੱਚ ਧਰਨਾ ਲਗਾਇਆ ਹੋਇਆ ਸੀ ਅਤੇ ਅੱਜ ਉਨ੍ਹਾਂ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਡੀਐਸਪੀ ਤੇ ਮਹਿਲਾ ਮੁਲਾਜ਼ਮ ਦੇ ਆਪਸ ਵਿੱਚ ਸਬੰਧ ਹੋਣ ਕਾਰਨ ਉਹ ਮਹਿਲਾ ਮੁਲਾਜ਼ਮ ਨੂੰ ਬਚਾਉਣ ਵਿੱਚ ਉਸ ਦੀ ਪੂਰੀ ਤਰ੍ਹਾਂ ਮਦਦ ਕਰ ਰਿਹਾ ਹੈ ਤੇ ਪਰਿਵਾਰ ਨੂੰ ਕੋਈ ਇਨਸਾਫ ਦੇਣ ਦੀ ਬਜਾਏ ਕੇਸ ਨੂੰ ਰਫਾ-ਦਫਾ ਕਰ ਰਹੇ ਹਨ।
ਐਸਪੀ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ :ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਅੱਜ ਐਸਪੀ ਨਾਲ ਉਨ੍ਹਾਂ ਦੀ ਮੀਟਿੰਗ ਹੋਈ ਸੀ, ਜੋ ਕਿ ਬੇਸਿੱਟਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਸਿਰਫ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਫਿਲਹਾਲ ਜਾਂਚ ਕੀਤੀ ਜਾਵੇਗੀ, ਪਰ ਸਾਡੀ ਮੰਗ ਹੈ ਕਿ ਪਹਿਲਾਂ ਐਫਆਈਆਰ ਦਰਜ ਹੋਵੇ ਉਸ ਤੋਂ ਬਾਅਦ ਜਾਂਚ ਹੋਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਡੀਐਸਪੀ ਵਲੋਂ ਰਵਿੰਦਰ ਕੌਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਪਣੇ ਅਫ਼ਸਰਾਂ ਨੂੰ ਬਚਾਉਣ ਉਤੇ ਲੱਗੀ ਸਰਕਾਰ :ਇਸ ਮੌਕੇ ਧਰਨੇ ਵਿੱਚ ਪਹੁੰਚੇ ਲੱਖਾ ਸਿਧਾਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਹਰ ਪੱਖ ਤੋਂ ਫ਼ੇਲ੍ਹ ਹੈ ਕਿਉਂਕਿ ਪਹਿਲਾਂ ਸਰਕਾਰ ਵੱਡੇ ਵਾਅਦੇ ਕਰਦੀ ਸੀ ਖਾਸ ਤੌਰ ਉਤੇ ਭਗਵੰਤ ਮਾਨ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹਨ, ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਧਰਨਾ ਨਹੀਂ ਲੱਗਣ ਦੇਣਗੇ, ਪਰ ਸਥਿਤੀ ਕੁਝ ਇਸ ਤਰ੍ਹਾਂ ਦੀ ਹੈ ਕਿ ਕੋਈ ਵੀ ਐਮਐਲਏ ਜਾਂ ਕੋਈ ਵੀ ਮੰਤਰੀ ਇਥੇ ਸੁਣਵਾਈ ਨਹੀਂ ਕਰ ਰਿਹਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਅਫਸਰਾਂ ਨੂੰ ਬਚਾਉਣ ਉਤੇ ਲੱਗੀ ਹੋਈ ਹੈ ।