ਸੰਗਰੂਰ :ਸ਼ਹਿਰ ਦੇ ਭਵਾਨੀਗੜ੍ਹ ਨਜ਼ਦੀਕੀ ਪਿੰਡ ਖੇੜੀ ਚੰਦਵਾਂ 'ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਦਿਨ ਦਿਹਾੜੇ ਘਰ ਵਿੱਚ ਮੌਜੂਦ ਇਕੱਲੀ ਔਰਤ ਦੇ ਸਿਰ 'ਚ ਕੁਹਾੜਾ ਮਾਰ ਕਿਸੇ ਅਣਪਛਾਤੇ ਵੱਲੋਂ ਉਸਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਮੋਹਿਤ ਅਗਰਵਾਲ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਵਿਹੜੇ ਵਿਚ ਪਈ ਸੀ ਖੂਨ ਨਾਲ ਲਥਪਥ ਲਾਸ਼ :ਮ੍ਰਿਤਕਾ ਦੇ ਦਿਓਰ ਚਮਕੌਰ ਸਿੰਘ ਨੇ ਘਟਨਾ ਸਬੰਧੀ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਦੱਸਿਆ ਕਿ ਅੱਜ ਉਸ ਦਾ ਭਰਾ ਨਿਰਮਲ ਸਿੰਘ ਕਿਸੇ ਕੰਮ ਸਬੰਧੀ ਨੇੜਲੇ ਪਿੰਡ ਗਿਆ ਹੋਇਆ ਸੀ ਤੇ ਉਸ ਦੀ ਭਰਜਾਈ ਪਰਮਜੀਤ ਕੌਰ (40) ਘਰ ਵਿੱਚ ਇਕੱਲੀ ਸੀ। ਦੁਪਹਿਰ ਰੋਟੀ ਦੇ ਸਮੇਂ ਜਦੋਂ ਉਨ੍ਹਾਂ ਦਾ ਨਾਬਾਲਗ ਨੌਕਰ ਘਰ ਆਇਆ ਤਾਂ ਉਸਨੇ ਦੇਖਿਆ ਕਿ ਪਰਮਜੀਤ ਕੌਰ ਦੀ ਖੂਨ ਨਾਲ ਲੱਥਪੱਥ ਲਾਸ਼ ਘਰ ਦੇ ਵਿਹੜੇ 'ਚ ਪਈ ਸੀ ਤੇ ਨੇੜੇ ਹੀ ਖੂਨ ਨਾਲ ਲਿੱਬੜਿਆ ਕੁਹਾੜਾ ਪਿਆ ਸੀ। ਪਰਿਵਾਰ ਨੇ ਦੱਸਿਆ ਕਿ ਵਾਰਦਾਤ ਸਮੇਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਘਰ 'ਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਕਿਸੇ ਵਿਅਕਤੀ ਦਾ ਵਿਰੋਧ ਕਰਨ ਪਿੱਛੋਂ ਲੁੱਟੇਰਿਆਂ ਨੇ ਉਨ੍ਹਾਂ ਦੇ ਹੀ ਘਰ 'ਚ ਪਏ ਕੁਹਾੜੇ ਨਾਲ ਪਰਮਜੀਤ ਕੌਰ ਦਾ ਸਿਰ 'ਤੇ ਵਾਰ ਕਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ :BKU Knocks Controversy: ਬੀਕੇਯੂ ਡਕੌਂਦਾ ਵਿਵਾਦ ਵਧਿਆ, ਧਨੇਰ ਧੜੇ ਨੇ ਨਵੀਂ ਟੀਮ ਦਾ ਕੀਤਾ ਐਲਾਨ