ਸੰਗਰੂਰ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਮੁਤਾਬਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਟਿੱਡੀ ਦਲ ਦੀ ਰੋਕਥਾਮ ਸਬੰਧੀ ਤਿਆਰੀ ਦਾ ਜਾਇਜ਼ਾ ਲਿਆ ਗਿਆ। ਜ਼ਿਲ੍ਹੇ ਦੇ ਸਮੂਹ ਬਲਾਕਾਂ ਵੱਲੋਂ ਪਹਿਲੇ ਦੌਰ ਦੀਆਂ ਮੌਕ ਡਰਿੱਲਾਂ ਕਰਨ ਉਪਰੰਤ ਦੂਜੇ ਪੜਾਅ ਤਹਿਤ ਜ਼ਿਲ੍ਹਾ ਪੱਧਰੀ ਪਹਿਲੀ ਮੌਕ ਡਰਿੱਲ ਮਸਤੂਆਣਾ ਸਾਹਿਬ ਵਿਖੇ ਕਰਵਾਈ ਗਈ।
ਇਸ ਮੌਕੇ ਨਾਇਬ ਤਹਿਸੀਲਦਾਰ ਕੇ.ਕੇ. ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਦੀ ਸ਼ਮੂਲੀਅਤ ਨਾਲ ਜ਼ਿਲ੍ਹਾ ਸੰਗਰੂਰ 'ਚ ਟਿੱਡੀ ਦਲ ਦੇ ਹਮਲੇ ਦੀ ਸੂਰਤ ਵਿੱਚ ਇਸ ਦੀ ਰੋਕਥਾਮ ਲਈ ਇੱਕ ਮਜਬੂਤ ਟੀਮ ਦਾ ਗਠਨ ਕੀਤਾ ਹੋਇਆ ਹੈ ਅਤੇ ਇਸ ਦੇ ਟਾਕਰੇ ਲਈ ਮੁਕੰਮਲ ਤਿਆਰੀ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਸਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਡਾ. ਹਰਬੰਸ ਸਿੰਘ ਗਰੇਵਾਲ ਨੇ ਦੱਸਿਆ ਕਿ ਟਿੱਡੀ ਦਲ ਸ਼ਾਮ ਵੇਲੇ ਖੇਤਾਂ ਵਿੱਚ ਉੱਚੇ ਦਰੱਖਤਾਂ, ਝਾੜੀਆਂ ਅਤੇ ਫਸਲਾਂ 'ਤੇ ਬੈਠ ਜਾਂਦਾ ਹੈ। ਇਸ ਲਈ ਉੱਚੇ ਦਰੱਖਤਾਂ ਅਤੇ ਝਾੜੀਆਂ ਆਦਿ 'ਤੇ ਸਪਰੇਅ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੀ ਫਾਇਰ ਬ੍ਰਿਗੇਡ ਨੂੰ ਇਸ ਕੰਮ ਲਈ ਵਿਸ਼ੇਸ਼ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ।