ਸੰਗਰੂਰ: ਬੀਤੇ ਦਿਨੀ ਅਕਾਲੀ ਦਲ ਵੱਲੋਂ ਸੰਗਰੂਰ 'ਚ ਕੀਤੇ ਸ਼ਕਤੀਪ੍ਰਦਰਸ਼ਨ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸੰਗਰੂਰ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕੀਤਾ ਸੀ ਅਤੇ ਸਾਡੇ ਵਿਰੁੱਧ ਸ਼ਕਤੀ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਇਹ ਸਾਫ਼ ਵਿਖਾਈ ਦਿੰਦਾ ਹੈ ਕਿ ਸਾਡੇ ਵਿਰੋਧੀ ਘਬਰਾ ਗਏ ਹਨ, ਕਿਉਂਕਿ ਉਹ ਜਾਣਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਘੱਟਦੀ ਜਾ ਰਹੀ ਹੈ।
ਪਰਮਿੰਦਰ ਢੀਂਡਸਾ ਨੇ ਆਪਣੇ ਆਪ ਨੂੰ ਫਰਜ਼ੀ ਕਹਿਣ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਿਨ੍ਹਾਂ ਨੇ ਅਕਾਲੀ ਦਲ ਵਾਸਤੇ ਜੇਲ੍ਹਾਂ ਕੱਟੀਆਂ, ਅੱਜ ਉਹ ਜਾਅਲੀ ਹੋ ਗਏ। ਉਨ੍ਹਾਂ ਕਿਹਾ ਇਹ ਤਾਂ ਹੁਣ ਲੋਕ ਵੇਖਣਗੇ ਕਿ ਕੌਣ ਅਕਾਲੀ ਹੈ ਤੇ ਕੌਣ ਜਾਅਲੀ ਹੈ, ਅਸੀਂ ਹੁਣ ਸੱਚ ਦੀ ਲੜਾਈ ਲੜਣੀ ਹੈ। ਉਹ ਸਿਧਾਂਤਾਂ ਦੀ ਲੜਾਈ ਲੜਨਗੇ ਜਿਸ ਦਾ ਨਤੀਜਾ ਘੱਟੋ-ਘੱਟ ਬਾਦਲਾਂ ਦੇ ਹੱਕ ਵਿੱਚ ਨਹੀਂ ਹੋਵੇਗਾ।