ਪੰਜਾਬ

punjab

ETV Bharat / state

'ਘਰ-ਘਰ ਬੂਟਾ ਮੁਹਿੰਮ' ਦਾ ਸ਼ਾਨਦਾਰ ਆਗਾਜ਼ - ਸਾਧੂ ਸਿੰਘ ਧਰਮਸੋਤ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਘਰ-ਘਰ ਬੂਟਾ ਮੁਹਿੰਮ' ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। 12 ਹਜ਼ਾਰ 700 ਪਿੰਡਾਂ ਵਿੱਚ ਪ੍ਰਤੀ ਪਿੰਡ 550 ਬੂਟੇ ਲਗਾਉਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਛੇਤੀ ਹੀ ਇਸ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ। ਵਣ ਵਿਭਾਗ ਵੱਲੋਂ ਰਾਜ ਵਿੱਚ 175 'ਨਾਨਕ ਬਗੀਚੀਆਂ' ਤਿਆਰ ਕੀਤੀਆਂ ਜਾ ਰਹੀਆਂ ਹਨ।

ਫ਼ੋਟੋ

By

Published : Jul 25, 2019, 11:10 PM IST

ਮਲੇਰਕੋਟਲਾ: ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਲਕਾ ਧੂਰੀ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਘਰ-ਘਰ ਬੂਟਾ ਮੁਹਿੰਮ' ਦਾ ਸ਼ਾਨਦਾਰ ਆਗਾਜ਼ ਕੀਤਾ। ਇਸ ਸਬੰਧੀ ਹਲਕੇ ਦੇ ਵਿਧਾਇਕ ਗੋਲਡੀ ਦੇ ਪ੍ਰਬੰਧਾਂ ਹੇਠ ਆਯੋਜਿਤ ਸਮਾਗਮ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵੱਲੋਂ ਰਾਜ ਵਿੱਚ 175 'ਨਾਨਕ ਬਗੀਚੀਆਂ' ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੀਆਂ।

ਵੀਡੀਓ

ਉਨ੍ਹਾਂ ਦੱਸਿਆ ਕਿ ਧੂਰੀ ਵਿਖੇ ਅਜਿਹੀ ਹੀ ਬਗੀਚੀ ਤਿਆਰ ਕਰਵਾਈ ਜਾਵੇਗੀ ਜਿਸ ਵਿੱਚ ਹਰੇਕ ਕਿਸਮ ਦੇ ਬੂਟੇ ਲਗਾਏ ਜਾਣਗੇ ਜਿਨ੍ਹਾਂ ਵਿੱਚ ਰਵਾਇਤੀ ਰੁੱਖਾਂ ਜਿਵੇਂ ਪਿੱਪਲ, ਨਿੰਮ, ਬੋਹੜ, ਟਾਹਲੀ ਤੋਂ ਇਲਾਵਾ ਫ਼ਲਾਂ ਦੇ ਰੁੱਖ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਰਾਜ ਦੇ 12 ਹਜ਼ਾਰ 700 ਪਿੰਡਾਂ ਵਿੱਚ ਪ੍ਰਤੀ ਪਿੰਡ 550 ਬੂਟੇ ਲਗਾਉਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਛੇਤੀ ਹੀ ਇਸ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਦੀਆਂ ਨਰਸਰੀਆਂ ਵਿੱਚ ਲੋੜ ਮੁਤਾਬਕ ਬੂਟੇ ਤਿਆਰ ਹਨ ਅਤੇ ਜਿਥੇ ਕਿਤੇ ਵੀ ਪੰਚਾਇਤਾਂ, ਸਮਾਜ ਸੇਵੀਆਂ ਆਦਿ ਰਾਹੀਂ ਇਹ ਬੂਟੇ ਲਗਾਏ ਜਾ ਰਹੇ ਹਨ ਉਨ੍ਹਾਂ ਦੀ ਨਿਯਮਤ ਸਾਂਭ ਸੰਭਾਲ ਕਰਨਾ ਹਰੇਕ ਨਾਗਰਿਕ ਦਾ ਫਰਜ਼ ਹੈ ਤਾਂ ਜੋ ਸੂਬੇ ਵਿੱਚ ਹਰਿਆਲੀ ਵਧਾਈ ਜਾ ਸਕੇ।

ਇਸ ਮੌਕੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਅਤੇ ਰੁੱਖ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਹਰੇਕ ਮਨੁੱਖੀ ਰੀਤਾਂ ਰਸਮਾਂ ਦਾ ਅਹਿਮ ਹਿੱਸਾ ਬਣਦੇ ਹਨ। ਵਿਧਾਇਕ ਗੋਲਡੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਹਲਕੇ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਘਰ-ਘਰ ਤੱਕ ਫੁੱਲਾਂ ਵਾਲੇ ਅਤੇ ਫ਼ਲਾਂ ਵਾਲੇ ਬੂਟੇ ਪਹੁੰਚਾਏ ਜਾਣਗੇ।

ABOUT THE AUTHOR

...view details