ਚੰਡੀਗੜ੍ਹ:ਸੰਗਰੂਰ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਚ ਮੈਡੀਕਲ ਕਾਲਜ ਦੀ ਜ਼ਮੀਨ ਲਈ ਵਿਵਾਦ (Mastuana land dispute update) ਗਹਿਰਾਉਂਦਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਐਸਜੀਪੀਸੀ (SGPC) ਅਤੇ ਢੀਂਡਸਾ ਪਰਿਵਾਰ ਦੀ ਮਿਲੀ ਭੁਗਤ ਹੋਣ ਦਾ ਇਲਜ਼ਾਮ ਲਗਾਇਆ ਸੀ। ਉਹਨਾਂ ਜ਼ਮੀਨ ਦੀ ਰਜਿਸਟਰੀ ਵਿਖਾਉਂਦਿਆਂ ਇਹ ਵੀ ਕਿਹਾ ਸੀ ਕਿ ਐਸਜੀਪੀਸੀ (SGPC) ਦਾ ਇਸ ਵਿਚ ਕਿਧਰੇ ਨਾਮ ਨਹੀਂ ਹੈ। ਪਰ ਮੈਡੀਕਲ ਕਾਲਜ ਰੋਕਣ ਲਈ ਬਾਦਲਾਂ ਅਤੇ ਐਸਜੀਪੀਸੀ ਨੇ ਸਟੇਅ (Badals and SGPC stayed to stop the medical college) ਲੈ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਚੁੱਪ ਤੋੜੀ ਹੈ। ਉਹ ਸੀਐਮ ਮਾਨ 'ਤੇ ਵਰ੍ਹਦੇ ਨਜ਼ਰ ਆਏ ਹਨ। ਈਟੀਵੀ ਭਾਰਤ ਵੱਲੋਂ ਸੁਖਦੇਵ ਸਿੰਘ ਢੀਂਡਸਾ ਨਾਲ ਫੋਨ ਉਤੇ ਖਾਸ ਗੱਲਬਾਤ ਕੀਤੀ ਗਈ। (SGPC) ਐਸਜੀਪੀਸੀ ਦਾ ਵੀ ਇਸ ਮੁੱਦੇ ਤੇ ਸੀ ਐਮ ਨੂੰ ਜਵਾਬ ਆਇਆ ਹੈ।
"ਸੀਐਮ ਸਰਾਸਰ ਝੂਠ ਬੋਲ ਰਿਹਾ ਹੈ": ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਸਰਾਸਰ ਝੂਠ ਬੋਲ ਰਹੇ ਹਨ। ਮੈਂ ਜਾਂ ਮੇਰੇ ਕਿਸੇ ਵੀ ਪਰਿਵਾਰਿਕ ਮੈਂਬਰ ਨੇ ਕਦੇ ਵੀ ਇਸ ਮਸਲੇ ਵਿਚ ਦਖ਼ਲ- ਅੰਦਾਜ਼ੀ ਨਹੀਂ ਕੀਤੀ। ਅਸਲ ਦੇ ਵਿਚ ਮੁੱਖ ਮੰਤਰੀ ਖੁਦ ਹੀ ਮੈਡੀਕਲ ਕਾਲਜ ਨਹੀਂ ਬਣਾਉਣਾ ਚਾਹੁੰਦੇ। ਉਹਨਾਂ ਆਖਿਆ ਕਿ ਅਸੀਂ ਤਾਂ ਸਰਕਾਰ ਨੂੰ ਇਸ ਲਈ 25 ਏਕੜ ਜ਼ਮੀਨ ਵੀ ਆਫ਼ਰ ਕੀਤੀ ਸੀ। ਉਹਨਾਂ ਆਖਿਆ ਕਿ ਇਹ ਜ਼ਮੀਨ ਅਕਾਲ ਕਾਊਂਸਲ ਟਰੱਸਟ ਦੀ ਹੈ ਜੋ ਕਿ ਸਾਰੀ ਗੁਰਦੁਆਰਾ ਸਾਹਿਬ ਦੀ ਹੈ। ਉਹ ਟਰੱਸਟ ਦੇ ਪ੍ਰਧਾਨ ਹਨ। ਜੋ ਕਿ ਐਸਜੀਪੀਸੀ (SGPC) ਦੇ ਅਧੀਨ ਆਉਂਦੀ ਹੈ ਅਤੇ ਐਸਜੀਪੀਸੀ (SGPC) ਨੇ ਅਦਾਲਤ ਵਿਚ ਕੇਸ ਕੀਤਾ ਅਤੇ ਅਦਾਲਤ ਵਿਚੋਂ ਸਟੇਅ ਮਿਲ ਗਈ।
"ਐਸਜੀਪੀਸੀ ਦੇ ਨਾਂ ਹੈ ਜ਼ਮੀਨ":ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਜ਼ਿਸਟਰੀ ਵਿਖਾਈ ਗਈ ਸੀ। ਉਨ੍ਹਾਂ ਕਿਹਾ ਸੀ ਕਿ ਕਾਗਜ਼ਾਂ ਵਿਚ ਐਸਜੀਪੀਸੀ (SGPC) ਦੀ ਅਧੀਨਗੀ ਕਿਧਰੇ ਵੀ ਨਹੀਂ ਹੈ। ਜਿਸ 'ਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਫਜੂਲ ਦੀਆਂ ਗੱਲਾਂ ਕਰ ਰਹੇ ਹਨ। ਸਾਰੀ ਜ਼ਮੀਨ ਐਸਜੀਪੀਸੀ (SGPC) ਦੇ ਨਾਂ ਹੈ ਅਦਾਲਤ ਵਿਚੋਂ ਸਟੇਅ ਮਿਲੀ ਹੋਈ ਹੈ। ਉਹਨਾਂ ਦੱਸਿਆ ਕਿ ਅਕਾਲ ਕਾਊਂਸਲ ਸੰਤ ਅੱਤਰ ਸਿੰਘ ਜੀ ਨੇ ਖੁਦ ਬਣਾਈ ਸੀ ਅਤੇ ਜ਼ਮੀਨ ਵੀ ਕਾਊਂਸਲ ਦੀ ਹੀ ਹੈ।
ਸੀਐਮ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ:ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਸੀਐਮ ਸਾਡੇ ਨਾਲ ਗੱਲ ਕਰੇ ਪਰ ਉਹ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹਨ। ਅਸੀਂ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਹ ਸਾਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੰਦੇ। ਜਿਸ ਕਰਕੇ ਅਸੀਂ ਡੀਸੀ ਕੋਲ ਵੀ ਇਹ ਮਸਲਾ ਚੁੱਕਿਆ ਸੀ। ਅਸੀਂ ਤਾਂ ਹੋਰ ਥਾਂ ਜ਼ਮੀਨ ਦੇਣ ਨੂੰ ਵੀ ਤਿਆਰ ਹਾਂ। ਅਸੀਂ 11 ਇੰਸਟੀਚਿਊਸ਼ਨ ਚਲਾ ਰਹੇ ਹਾਂ। ਗੁਰੂ ਘਰ ਲਈ ਅਸੀਂ ਜਿੰਨਾ ਕੰਮ ਕਰ ਰਹੇ ਹਾਂ ਟਰੱਸਟ ਅਤੇ ਕਾਊਂਸਲ ਨੇ ਜੋ ਵੀ ਬਣਾਇਆ ਹੈ ਉਹ ਸਾਰੀ ਦੁਨੀਆਂ ਜਾਣਦੀ ਹੈ। ਅਸੀਂ ਕਾਲਜ ਦੇ ਖ਼ਿਲਾਫ਼ ਕਦੇ ਵੀ ਨਹੀਂ। ਅਸੀਂ ਚਾਹੁੰਣੇ ਹਾਂ ਕਿ ਸਭ ਕੁਝ ਢੰਗ ਨਾਲ ਹੋਵੇ ਤਾਂ ਕਿ ਕੋਈ ਮੈਡੀਕਲ ਕਾਲਜ ਦੀ ਉਸਾਰੀ ਵਿਚ ਅੜਿੱਕਾ ਨਾ ਰਹਿ ਸਕੇ।