ਮਲੇਰਕੋਟਲਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਭਰ ਵਿੱਚ ਕਿਸਾਨ ਸੰਘਰਸ਼ ਕਰ ਰਹੇ ਹਨ। ਜ਼ਿਲ੍ਹੇ ਵਿੱਚ ਵੀ ਕਿਸਾਨਾਂ ਵੱਲੋਂ ਧਰਨੇ ਜ਼ੋਰਾਂ 'ਤੇ ਚੱਲ ਰਹੇ ਹਨ। ਇਨ੍ਹਾਂ ਧਰਨਿਆਂ ਦੌਰਾਨ ਕੁਝ ਕਿਸਾਨਾਂ ਦੀਆਂ ਮੌਤਾਂ ਵੀ ਹੋਈਆਂ ਹਨ ਅਤੇ ਕਈ ਬੁ਼ਖ਼ਾਰ ਨਾਲ ਵੀ ਜੂਝ ਰਹੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਮਵਾਰ ਨੂੰ ਮਲੇਰਕੋਟਲਾ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕਿਸਾਨਾਂ ਦਾ ਸੰਘਰਸ਼ ਵਿੱਚ ਸਾਥ ਦਿੰਦੇ ਹੋਏ ਚੈਕਅਪ ਕੀਤਾ ਅਤੇ ਦਵਾਈਆਂ ਦਿੱਤੀਆਂ।
ਜਾਣਕਾਰੀ ਅਨੁਸਾਰ ਮਲੇਰਕੋਟਲਾ ਵਿੱਚ ਕਿਸਾਨਾਂ ਨੇ ਰਿਲਾਇੰਸ ਪੰਪ ਦੇ ਅੱਗੇ ਧਰਨਾ ਲਾਇਆ ਹੋਇਆ ਹੈ। ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਧਰਨੇ ਦੌਰਾਨ ਐਸੋਸੀਏਸ਼ਨ ਵੱਲੋਂ ਇੱਕ ਵਿਸ਼ੇਸ਼ ਕਾਊਂਟਰ ਲਗਾ ਕੇ ਕਿਸਾਨਾਂ ਦੀ ਸਿਹਤ ਜਾਂਚ ਕੀਤੀ ਅਤੇ ਬਿਮਾਰ ਕਿਸਾਨਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ। ਜ਼ਿਆਦਾ ਬਿਮਾਰ ਕਿਸਾਨਾਂ ਨੂੰ ਡਾਕਟਰਾਂ ਨੇ ਹਸਪਤਾਲ ਵਿੱਚੋਂ ਇਲਾਜ ਦੀ ਸਲਾਹ ਦਿੱਤੀ। ਇਸ ਦੌਰਾਨ ਜੇਕਰ ਕਿਸੇ ਕਿਸਾਨ ਕੋਲ ਵਾਹਨ ਦਾ ਪ੍ਰਬੰਧ ਨਹੀਂ ਸੀ, ਉਸ ਲਈ ਵਾਹਨ ਦਾ ਪ੍ਰਬੰਧ ਵੀ ਕੀਤਾ ਗਿਆ।