ਸੰਗਰੂਰ: ਕਿਹਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਸੱਪ ਡੰਗ ਮਾਰਦਾ ਹੈ ਤਾਂ ਬਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਉਸ ਵਿਅਕਤੀ ਨੂੰ ਹਸਪਤਾਲ ਵਿੱਚ ਲੰਮਾ ਸਮਾਂ ਬਿਤਾਉਣਾ ਪੈਂਦਾ ਹੈ। ਇਸ ਦੇ ਨਾਲ ਹੀ ਜੇ ਸਥਿਤੀ ਵਿਗੜ ਜਾਂਦੀ ਹੈ ਤੇ ਸਰੀਰ ਵਿੱਚ ਵਧੇਰੇ ਜ਼ਹਿਰ ਫੈਲ ਜਾਂਦਾ ਹੈ ਤਾਂ ਉਹ ਵਿਅਕਤੀ ਮਰ ਵੀ ਸਕਦਾ ਹੈ।
ਉੱਥੇ ਹੀ ਸੰਗਰੂਰ ਦੇ ਪਿੰਡ ਬਡਰੁੱਖਾਂ ਦਾ ਇੱਕ ਵਿਅਕਤੀ ਹੈ ਜੋ ਸੱਪ ਦੇ ਡੰਗਣ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਨੂੰ ਆਰਾਮ ਨਾਲ ਬਚਾ ਲੈਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਪਿੰਡ ਬਡਰੁੱਖਾਂ ਦੇ ਰਹਿਣ ਵਾਲੇ ਮਹਿੰਦਰ ਸਿੰਘ ਦੀ ਜਿਸ ਕੋਲ ਬਹੁਤ ਸਾਰੇ ਮਰੀਜ਼ ਆਉਂਦੇ ਹਨ, ਜਿਨ੍ਹਾਂ ਨੂੰ ਸੱਪਾਂ ਨੇ ਡੰਗਿਆ ਸੀ ਤੇ ਉਸ ਨੇ ਉਨ੍ਹਾਂ ਦਾ ਇਲਾਜ ਥੋੜ੍ਹੇ ਹੀ ਸਮੇਂ ਵਿੱਚ ਕਰਕੇ ਵਾਪਸ ਭੇਜ ਦਿੱਤਾ।
ਜਦੋਂ ਮਹਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਗਭਗ 15 ਸਾਲ ਤੋਂ ਉਹ ਸੱਪ ਦੇ ਕੱਟਿਆਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੇ ਦਾਦਾ, ਪੜਦਾਦਾ ਵੀ ਇਹੀ ਕੰਮ ਕਰਦੇ ਸੀ ਤੇ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਗੁਣ ਦੇ ਕੇ ਜਾਣਗੇ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਸੱਪ ਡੰਗ ਮਾਰਦਾ ਹੈ ਤਾਂ ਉਸ ਨੂੰ ਤੁਰੰਤ ਉਸ ਥਾਂ ਨੂੰ ਬੰਨ੍ਹ ਲੈਣਾ ਚਾਹੀਦਾ ਹੈ ਤਾਂ ਜੋ ਜ਼ਹਿਰ ਅੱਗੇ ਨਾ ਪਹੁੰਚ ਸਕੇ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇ ਉਹ ਵਿਅਕਤੀ ਜਲਦੀ ਉਸ ਕੋਲ ਪਹੁੰਚ ਜਾਂਦਾ ਹੈ, ਤਾਂ ਉਹ 1 ਘੰਟੇ ਦੇ ਅੰਦਰ-ਅੰਦਰ ਠੀਕ ਹੋ ਜਾਂਦਾ ਹੈ ਅਤੇ ਆਪਣੇ ਘਰ ਚਲਾ ਜਾਂਦਾ ਹੈ, ਪਰ ਜੇ ਕੋਈ ਵਿਅਕਤੀ ਥੋੜ੍ਹੀ ਦੇਰੀ ਕਰਦਾ ਹੈ ਤਾਂ ਠੀਕ ਹੋਣ ਵਿੱਚ 2 ਤੋਂ 3 ਘੰਟੇ ਲੱਗਦੇ ਹਨ। ਵੈਦ ਨੇ ਦੱਸਿਆ ਕਿ ਉਸ ਕੋਲ ਇਲਾਜ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਆਉਂਦੇ ਹਨ। ਉਹ ਕਿਸੇ ਤੋਂ ਕੋਈ ਪੈਸਾ ਵੀ ਨਹੀਂ ਲੈਂਦਾ, ਉਹ ਮੁਫ਼ਤ ਵਿੱਚ ਇਲਾਜ ਕਰਦਾ ਹੈ ਤੇ ਸਮਾਜ ਸੇਵਾ ਕਰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਵੇਖ ਰਹੇ ਹਨ ਕਿ ਉਹ ਕਈ ਲੋਕਾਂ ਦਾ ਇਲਾਜ ਕਰ ਰਹੇ ਹਨ ਤੇ ਲੋਕਾਂ ਦਾ ਭਲਾ ਕਰ ਰਹੇ ਹਨ।