ਸੰਗਰੂਰ: ਜ਼ਿਲ੍ਹੇ ਦੇ ਪਿੰਡ ਰੱਤਾਖੇੜਾ ਦੇ ਨੌਜਵਾਨ ਲਵਪ੍ਰੀਤ ਦੀ ਖ਼ੁਦਕੁਸ਼ੀ ਨੇ ਕੌਮੀ ਜਾਂਚ ਏਜੰਸੀ (NIA) ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਲਵਪ੍ਰੀਤ ਦੇ ਘਰ ਪੁੱਜੇ ਸੁਖਪਾਲ ਖਹਿਰਾ ਨੇ ਇਲਜ਼ਾਮ ਲਾਇਆ ਹੈ ਕਿ ਉਸ ਨੂੰ ਜਾਂਚ ਏਜੰਸੀ ਨੇ ਜ਼ਰੂਰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਤੰਗ ਪਰੇਸ਼ਾਨ ਕੀਤਾ ਹੋਵੇਗਾ।
ਲਵਪ੍ਰੀਤ ਨੇ ਖ਼ੁਦਕੁਸ਼ੀ ਨਹੀਂ ਕੀਤੀ ਕਤਲ ਹੋਇਆ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲਵਪ੍ਰੀਤ ਦੇ ਪਿੰਡ ਵਾਲਿਆਂ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਉਹ ਨਿਹਾਇਤੀ ਸ਼ਰੀਫ਼ ਸੀ ਉਸ ਦਾ ਕਿਸੇ ਨਾਲ ਕੋਈ ਰੌਲ਼ਾ ਨਹੀਂ ਸੀ। ਲਵਪ੍ਰੀਤ ਸਿੰਘ ਨੂੰ ਪਿਛਲੇ ਦਿਨੀਂ ਕੌਮੀ ਜਾਂਚ ਏਜੰਸੀ ਨੇ ਆਪਣੇ ਦਫ਼ਤਰ ਬਲਾਇਆ ਸੀ। ਉੱਥੇ ਉਸ ਨਾਲ ਕਿਹੋ ਜਿਹਾ ਵਤੀਰਾ ਕੀਤਾ ਇਸ ਬਾਰੇ ਕੁਝ ਨਹੀਂ ਪਤਾ, ਪਰ ਇਸ ਤੋਂ ਬਾਅਦ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ।
ਖਹਿਰਾ ਨੇ ਕਿਹਾ ਕਿ ਪਰਿਵਾਰ ਵਾਲੇ ਮੰਨ ਰਹੇ ਹਨ ਕਿ ਇਹ ਖ਼ੁਦਕੁਸ਼ੀ ਨਹੀਂ ਹੈ ਇਹ ਕਤਲ ਹੈ ਜਾਂ ਫਿਰ ਇਸ ਤੇ ਅੱਤ ਦਾ ਅੱਤਿਆਚਾਰ ਕੀਤਾ ਗਿਆ ਹੈ ਕਿ ਇਸ ਨੇ ਖ਼ੁਦਕੁਸ਼ੀ ਕੀਤੀ ਹੈ। ਉਸ ਨੇ ਆਪਣੇ ਖ਼ਦਕੁਸ਼ੀ ਪੱਤਰ ਵਿੱਚ ਕਿਹਾ ਕਿ ਉਸ ਦੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ ਕਿਉਂਕਿ ਉਸ ਨੂੰ ਖ਼ਤਰਾ ਸੀ ਕਿ ਉਸ ਦੇ ਪਰਿਵਾਰ ਨੂੰ ਬਾਅਦ ਵਿੱਚ UAPA ਤਹਿਤ ਤੰਗ ਨਾ ਕੀਤਾ ਜਾਵੇ।
ਖਹਿਰਾ ਨੇ ਪਿਛਲੇ ਸਮੇਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ ਥੋੜੇ ਸਮੇਂ ਵਿੱਚ UAPA ਤਹਿਤ 16 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਜ਼ਿਆਦਾ ਜਾਂ ਤਾਂ ਦਲਿਤ ਹਨ ਜਾਂ ਫਿਰ ਸਿੱਖ ਨੌਜਵਾਨ। ਖਹਿਰਾ ਨੇ ਮੁੱਖ ਮੰਤਰੀ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਕਿ ਪਤਾ ਲੱਗ ਸਕੇ ਹਨ ਕਿ ਆਖ਼ਰ ਇਹ ਸਭ ਕਿਵੇਂ ਹੋਇਆ।
ਖ਼ਾਲਿਸਤਾਨ ਬਾਬਤ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਇਹੋ ਜਿਹੀ ਕੋਈ ਮੰਗ ਨਹੀਂ ਹੈ ਪੰਜਾਬ ਵਿੱਚ ਕੋਈ ਵੀ ਖ਼ਾਲਿਸਤਾਨ ਨਹੀਂ ਮੰਗ ਰਿਹਾ ਹੈ। ਇਹ ਸਰਕਾਰ ਵੱਲੋਂ ਗੱਲ ਫੈਲਾਈ ਜਾ ਰਹੀ ਹੈ।