ਸੰਗਰੂਰ: ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਵਿੱਚ ਬੀਤੀ ਲੰਘੀ ਰਾਤ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਉਲੰਘਣਾ ਵਿੱਚ ਸੰਗਰੂਰ ਦੇ ਪਿੰਡ ਲੋਹਾ ਖੇੜਾ ਦਾ ਲਾਂਸ ਨਾਇਕ ਕਰਨੈਲ ਸਿੰਘ ਸ਼ਹੀਦ ਹੋ ਗਿਆ ਹੈ। ਜਿਸ ਤੋਂ ਬਾਅਦ ਸ਼ਹੀਦ ਕਰਨੈਲ ਸਿੰਘ ਦੇ ਪਿੰਡ 'ਚ ਸੋਗ ਦਾ ਮਾਹੌਲ ਹੈ।
ਸ਼ਹੀਦ ਕਰਨੈਲ ਸਿੰਘ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਸ ਨੂੰ ਰਾਤ 11 ਵਜੇ ਫੌਜ 'ਚੋਂ ਫੋਨ ਆਇਆ ਸੀ ਕਿ ਉਸ ਦਾ ਭਰਾ ਸ਼ਹੀਦ ਹੋ ਗਿਆ। ਚਚੇਰੇ ਭਰਾ ਨੇ ਦੱਸਿਆ ਕਿ ਕਰਨੈਲ 2012 ਵਿੱਚ ਫੌਜ 'ਚ ਭਰਤੀ ਹੋਇਆ ਸੀ। ਕਰਨੈਲ ਸਿੰਘ ਪੰਜ ਭੈਣ-ਭਰਾਵਾਂ 'ਚੋਂ ਸਭ ਤੋ ਛੋਟਾ ਸੀ। ਉਸ ਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ। ਸ਼ਹੀਦ ਕਰਨੈਲ ਸਿੰਘ ਆਪਣੇ ਪਿੱਛੇ ਮਾਪੇ, ਪਤਨੀ ਤੇ ਇੱਕ ਸਾਲ ਦਾ ਪੁੱਤਰ ਛੱਡ ਗਿਆ।
ਸੰਗਰੂਰ ਦੇ ਪਿੰਡ ਲੋਹਾ ਖੇੜਾ ਦਾ ਫ਼ੌਜੀ ਕਰਨੈਲ ਸਿੰਘ ਜੰਮੂ ਕਸ਼ਮੀਰ 'ਚ ਸ਼ਹੀਦ, ਸੋਗ ’ਚ ਡੁੱਬਿਆ ਸ਼ਹੀਦ ਦਾ ਪਰਿਵਾਰ ਸ਼ਹੀਦ ਕਰਨੈਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਰਾਤ 8 ਵਜੇ ਉਸ ਦੀ ਸਿਰਫ 2 ਮਿੰਟ ਫੋਨ 'ਤੇ ਗੱਲ ਹੋਈ ਸੀ। ਉਸ ਨੇ ਦੱਸਿਆ ਕਿ ਕਰਨੈਲ ਸਿੰਘ ਦੀ ਛੁੱਟੀ ਮਨਜ਼ੂਰ ਹੋ ਗਈ ਸੀ ਅਤੇ ਉਨ੍ਹਾਂ ਨੇ ਇੱਕ ਦੋ ਦਿਨਾਂ ਵਿੱਚ ਛੁੱਟੀ ਆਉਣਾ ਸੀ।
ਦੱਸ ਦੇਈਏ ਦੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੇ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਗਿਆ ਹੈ। ਸ਼ਹੀਦ ਨੂੰ ਸ਼ਰਧਾਂਜਲੀ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਾਂਸ ਨਾਇਕ ਕਰਨੈਲ ਸਿੰਘ ਨੇ ਬਹਾਦਰੀ ਨਾਲ ਲੜਾਈ ਲੜਦਿਆਂ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਅਤੇ ਉਨ੍ਹਾਂ ਦੇ ਮਹਾਨ ਬਲਿਦਾਨ ਨੂੰ ਦੇਸ਼ ਕਦੇ ਨਹੀਂ ਭੁੱਲੇਗਾ।