ਸੰਗਰੂਰ: ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਵਿੱਚ ਜਗਮੇਲ ਸਿੰਘ ਦਾ ਅੰਤਿਮ ਅਰਦਾਸ ਭੋਗ ਪਿਆ। ਇਸ ਮੌਕੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਬੀਬੀ ਰਜਿੰਦਰ ਕੌਰ ਭੱਠਲ ਵੀ ਪੁੱਜੇ ਜਿਨ੍ਹਾਂ ਨੇ ਸਰਕਾਰ ਦੇ ਵਾਅਦੇ ਮੁਤਾਬਕ ਜਗਮੇਲ ਦੇ ਪਰਿਵਾਰ ਅਤੇ ਉਸ ਦੀ ਪਤਨੀ ਨੂੰ ਚੈੱਕ ਅਤੇ ਨੌਕਰੀ ਲਈ ਨਿਯੁਕਤੀ ਪੱਤਰ ਵੀ ਦਿੱਤਾ।
ਜਗਮੇਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਵਿਜੇਇੰਦਰ ਸਿੰਗਲਾ ਉਨ੍ਹਾਂ ਦੇ ਘਰ ਹਮਦਰਦੀ ਦਾ ਪ੍ਰਗਟਾਵਾ ਕਰਨ ਆਏ ਸੀ ਅਤੇ ਉਸ ਸਮੇਂ 6 ਲੱਖ ਦਾ ਚੈੱਕ ਦਿੱਤਾ ਸੀ। ਜਗਮੇਲ ਦੇ ਘਰ ਲਈ ਇੱਕ ਲੱਖ 25 ਹਜ਼ਾਰ ਰੁਪਏ ਦਾ ਵੱਖਰਾ ਚੈੱਕ ਦਿੱਤਾ।
ਸੰਗਰੂਰ ਦੇ ਜ਼ਿਲ੍ਹਾਂ ਸਿੱਖਿਆ ਅਫ਼ਸਰ ਵੱਲੋਂ ਜਗਮੇਲ ਦੀ ਪਤਨੀ ਮਨਜੀਤ ਕੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ ਵਿੱਚ ਦਰਜਾ 4 ਕਾਡਰ ਵਿੱਚ ਬਤੌਰ ਸੇਵਾਦਾਰ ਭਰਤੀ ਲਈ ਨਿਯੁਕਤੀ ਪੱਤਰ ਜਾਰੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਦਿਮਾਗ਼ੀ ਤੌਰ 'ਤੇ ਪਰੇਸ਼ਾਨ ਦਲਿਤ ਵਿਅਕਤੀ ਜਗਮੇਲ ਸਿੰਘ ਨੂੰ 4 ਨੌਜਵਾਨਾਂ ਨੇ 3 ਘੰਟੇ ਤੱਕ ਬੰਨ੍ਹ ਕੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟਿਆ ਸੀ। ਇੰਨ੍ਹਾ ਹੀ ਨਹੀਂ ਦੋਸ਼ੀਆਂ ਨੇ ਪੀੜਤ ਦੀਆਂ ਲੱਤਾਂ ਦਾ ਮਾਸ ਪਲਾਸ ਨਾਲ ਵੀ ਨੋਚਿਆ ਅਤੇ ਪਾਣੀ ਮੰਗਣ 'ਤੇ ਉਸ ਨੂੰ ਪਿਸ਼ਾਬ ਪਿਲਾਇਆ ਸੀ। ਇਸ ਦੌਰਾਨ ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਪੀੜਤ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਚਾਰ ਕਥਿਤ ਮੁਲਜ਼ਮਾਂ ਰਿੰਕੂ, ਅਮਰਜੀਤ ਸਿੰਘ, ਲੱਕੀ ਉਰਫ਼ ਗੋਲੀ ਤੇ ਬੀਟਾ ਉਰਫ਼ ਬਿੰਦਰ ਵਿਰੁੱਧ ਮਾਮਲਾ ਦਰਜ ਕਰ ਕਾਬੂ ਕਰ ਲਿਆ ਸੀ।