ਇੱਥੇ ਲੱਗੇ ਇੱਕ ਤੋਂ ਇੱਕ ਖੂਬਸੂਰਤ ਬੁੱਤ ਵਧਾ ਰਹੇ ਪਿੰਡ ਦੀ ਖੂਬਸੂਰਤੀ ਸੰਗਰੂਰ: ਪੰਜਾਬ ਸਰਕਾਰ ਵਲੋਂ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਦੁਕਾਨਾਂ, ਸਕੂਲਾਂ ਦੇ ਨਾਮ, ਰੇਸਤਰਾਂ ਤੇ ਹੋਟਲ ਵਰਗੇ ਕਈ ਥਾਵਾਂ ਉੱਤੇ ਪੰਜਾਬ ਭਾਸ਼ਾ ਨੂੰ ਪਹਿਲ ਦਿੰਦੇ ਹੋਏ ਬੋਰਡ ਲਗਾਏ ਗਏ ਤੇ ਲਗਾਏ ਜਾ ਰਹੇ ਹਨ। ਇਸ ਤਰ੍ਹਾਂ ਪੰਜਾਬੀ ਨੂੰ ਮਾਣ ਦੇਣ ਵਾਲਾ ਤੇ ਸੱਭਿਆਚਾਰ ਦੇ ਰੰਗਾਂ ਨੂੰ ਪੇਸ਼ ਕਰਦਾ ਇਕ ਪਿੰਡ ਨੂੰ ਦੇਖਾਂਗੇ, ਅਤੇ ਉਸ ਬਾਰੇ ਜਾਣਾਂਗੇ। ਅਸੀਂ ਗੱਲ ਕਰ ਰਹੇ ਹਾਂ, ਹਲਕਾ ਧੂਰੀ ਦੇ ਪਿੰਡ ਸੁਲਤਾਨਪੁਰ ਦੀ। ਇਸ ਪਿੰਡ ਦੀ ਖੂਬਸੂਰਤੀ ਤੇ ਉੱਥੇ ਕੀਤੀ ਕਲਾਕਾਰੀ ਕਰਕੇ ਇਸ ਦੇ ਚਰਚੇ ਦੂਰ-ਦੂਰ ਤੱਕ ਦੇ ਪਿੰਡਾਂ-ਸ਼ਹਿਰਾਂ ਵਿੱਚ ਵੀ ਹਨ।
ਇਹ ਪਿੰਡ ਕਿਉਂ ਦਿਖ ਰਿਹਾ ਖਾਸ:ਇਹ ਪਿੰਡ ਸੁਲਤਾਨਪੁਰ, ਜਿੱਥੇ ਤੁਹਾਨੂੰ ਬਜ਼ੁਰਗ ਬਾਪੂ ਦਾ ਬੁੱਤ, ਬਜ਼ੁਰਗ ਬੇਬੇ ਦਾ ਬੁੱਤ, ਫੱਟੀ ਉੱਤੇ ਉਕੀਰੀ ਹੋਈ ਪੰਜਾਬੀ ਭਾਸ਼ਾ, ਪਿੰਡ ਦੇ ਬੱਸ ਸਟੈਂਡ 'ਤੇ ਦੇਖਣ ਨੂੰ ਮਿਲੇਗਾ। ਸਰਪੰਚ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨ ਸਰਕਾਰ ਪੰਜਾਬੀ ਨੂੰ ਪ੍ਰਫੂਲਿਤ ਕਰ ਰਹੀ ਹੈ, ਇਸੇ ਤਹਿਤ ਉਨ੍ਹਾਂ ਨੇ ਵਾਸੀਆਂ ਦੀ ਸਲਾਹ ਨਾਲ ਚੱਲ ਕੇ ਇਹ ਉਪਰਾਲਾ ਪਿੰਡ ਵਿੱਚ ਕੀਤਾ, ਤਾਂ ਜੋ ਆਉਂਦਾ-ਜਾਂਦਾ ਹਰ ਰਾਹਗੀਰ ਇਨ੍ਹਾਂ ਨੂੰ ਵੇਖ ਕੁਝ ਸਿੱਖੇ।
ਇਹ ਪਿੰਡ ਕਿਉਂ ਦਿਖ ਰਿਹਾ ਖਾਸ ਕਿਸਾਨ ਅੰਦੋਨਲ ਨੂੰ ਸਮਰਪਿਤ ਪਿੰਡ ਦਾ ਚੌਂਕ:ਸਰਪੰਚ ਗੁਰਦੀਪ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕਰੀਬ ਇੱਕ ਸਾਲ ਤੋਂ ਵੱਧ ਚੱਲਿਆ ਜਿਸ ਵਿੱਚ ਕਿਸਾਨਾਂ ਦੀ ਸ਼ਹਾਦਤ ਵੀ ਹੋਈ ਸੀ। ਸ਼ਹੀਦ ਕਿਸਾਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਇਸ ਪਿੰਡ ਵਿੱਚ ਦਿੱਲੀ ਕਿਸਾਨ ਅੰਦੋਲਨ ਨੂੰ ਬਿਆਨ ਕਰਦੇ ਸਟੈਚੂ ਵੀ ਲਗਾਏ ਗਏ ਹਨ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਆਪਣੇ ਪਿੰਡ ਨੂੰ ਆਲੇ-ਦੁਆਲੇ ਦੇ ਪਿੰਡਾਂ ਨਾਲੋਂ ਵੱਖਰਾ ਬਣਾਉਣ ਲਈ ਹਰ ਵਧੀਆ ਕਦਮ ਚੁੱਕਿਆ ਹੈ।
ਪਿੰਡ ਦੇ ਸਰਪੰਚ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਪਿੰਡ ਵਿੱਚ ਕੋਈ ਸੀਵਰੇਜ ਦੇ ਸਮੱਸਿਆ ਨਹੀਂ ਹੈ। ਹਰ ਪੱਖੋਂ ਪਿੰਡ ਨੂੰ ਸਾਫ-ਸੁੱਥਰਾ ਵੀ ਰੱਖਿਆ ਜਾਂਦਾ ਹੈ, ਤਾਂ ਜੋ ਇੱਥੇ ਆਉਣ ਵਾਲਾ ਪਿੰਡ ਨੂੰ ਕਦੇ ਭੁੱਲੇ ਨਾ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਉਥੋਂ ਲੰਘਦੇ ਹਨ, ਕਈ ਲੋਕ ਤਾਂ ਸਪੈਸ਼ਲ ਇਸ ਬਜ਼ੁਰਗ ਜੋੜੇ ਨਾਲ ਜੋ ਕਿ ਬੁੱਤ ਹਨ, ਨਾਲ ਫੋਟੋ ਖਿਚਵਾ ਕੇ ਜਾਂਦੇ ਹਨ। ਅਸਲ ਵਿੱਚ ਦੂਰ ਤੋਂ ਇਹ ਭੁਲੇਖਾ ਪੈਂਦਾ ਹੈ ਕਿ ਇਹ ਬਜ਼ੁਰਗ ਜੋੜਾ ਅਸਲੀ ਹੈ। ਨੇੜੇ ਆ ਕੇ ਦੇਖਿਆ ਜਾਂਦਾ ਹੈ ਕਿ ਇਹ ਬੁੱਤ ਹਨ। ਸਾਰਿਆਂ ਵੱਲੋਂ ਇਹ ਕਾਫੀ ਪਸੰਦ ਕੀਤੇ ਜਾਂਦੇ ਹਨ। ਉੱਥੇ ਹੀ, ਪਿੰਡ ਵਾਸੀਆਂ ਨੇ ਵੀ ਆਪਣ ਪਿੰਡ ਦੇ ਸੁੰਦਰੀਕਰਨ ਉੱਤੇ ਬਹੁਤ ਖੁਸ਼ੀ ਪ੍ਰਗਟਾਈ।