ਸੰਗਰੂਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਸੂਬਾ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰ ਰਹੀ। ਸਗੋਂ ਸਿਰਫ਼ ਉਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਈ ਜਾ ਰਹੀ ਹੈ। ਜਿਨ੍ਹਾਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਹੈ।
ਜਿਨ੍ਹਾ ਪੰਜਾਬ ਨੂੰ ਲੁੱਟਿਆ ਕੀਮਤ ਚੁੱਕਾ ਰਹੇ ਹਨ:ਇੱਥੇ ਧੂਰੀ ਵਿਧਾਨ ਸਭਾ ਹਲਕੇ ਵਿੱਚ ਸ਼ੁੱਕਰਵਾਰ ਨੂੰ ਜਨਤਕ ਮੀਟਿੰਗਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟ ਸਿਆਸਤਦਾਨਾਂ ਨੂੰ ਸਲਾਖਾਂ ਪਿੱਛੇ ਡੱਕਣ ਨੂੰ ਯਕੀਨੀ ਬਣਾ ਕੇ ਸਿਸਟਮ ਦੀ ਸਫ਼ਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਬੇਰਹਿਮੀ ਅਤੇ ਬੇਸ਼ਰਮੀ ਨਾਲ ਸੂਬੇ ਨੂੰ ਲੁੱਟਿਆ ਹੈ ਅਤੇ ਹੁਣ ਇਹ ਆਪਣੇ ਗੁਨਾਹਾਂ ਦੀ ਕੀਮਤ ਚੁਕਾ ਰਹੇ ਹਨ। ਭਗਵੰਤ ਮਾਨ ਨੇ ਹੈਰਾਨੀ ਪ੍ਰਗਟਾਈ ਕਿ ਅਜਿਹੇ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਕਾਰਵਾਈ ਬਦਲੇ ਦੀ ਰਾਜਨੀਤੀ ਕਿਵੇਂ ਹੋ ਸਕਦੀ ਹੈ?
ਕਿਸੇ ਨੂੰ ਬਖ਼ਸਿਆ ਨਹੀਂ ਜਾਵੇਗਾ: ਮੁੱਖ ਮੰਤਰੀ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ, ਭਾਵੇਂ ਉਹ ਮੌਜੂਦਾ ਜਾਂ ਪਿਛਲੀ ਸਰਕਾਰ ਨਾਲ ਸਬੰਧਤ ਹੋਵੇ, ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਵਿਜੀਲੈਂਸ ਬਿਉਰੋ ਸੁਤੰਤਰ ਤੌਰ 'ਤੇ ਕੰਮ ਕਰ ਰਿਹਾ ਹੈ ਅਤੇ ਪੁੱਛਗਿੱਛ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਨਤਾ ਦੇ ਪੈਸੇ ਦੀ ਲੁੱਟ ਕਰਨ ਵਾਲਿਆਂ ਤੋਂ ਇਕ-ਇਕ ਪੈਸਾ ਵਸੂਲਣਾ ਹੀ ਉਨ੍ਹਾਂ ਦਾ ਇੱਕੋ-ਇੱਕ ਟੀਚਾ ਹੈ।
ਵਿਜੀਲੈਂਸ ਦੀ ਕਾਰਵਾਈ ਤੋਂ ਘਬਰਾਉਂਦੇ ਨੇ ਮੰਤਰੀ: ਇਸ ਮੁੱਦੇ 'ਤੇ ਰੌਲਾ-ਰੱਪਾ ਪਾਉਣ ਲਈ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਆਪ ਨੂੰ ਖੁੱਲ੍ਹੀ ਕਿਤਾਬ ਹੋਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਆਗੂਆਂ ਦੀ ਜ਼ਿੰਦਗੀ ਦੇ ਕਈ ਪੰਨੇ ਫਟੇ ਹੋਏ ਹਨ, ਜਿਸ ਕਾਰਨ ਉਹ ਵਿਜੀਲੈਂਸ ਦੀ ਕਾਰਵਾਈ ਤੋਂ ਘਬਰਾਉਂਦੇ ਹਨ। ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਤੋਂ ਪੁੱਛਿਆ ਕਿ ਉਹ ਇਹ ਦੱਸਣ ਕਿ ਉਨ੍ਹਾਂ ਦਾ ਇਕ ਸਾਥੀ ਅਤੇ ਸਾਬਕਾ ਮੰਤਰੀ, ਜੋ ਕਿ ਸਲਾਖਾਂ ਪਿੱਛੇ ਹੈ, ਵਿਜੀਲੈਂਸ ਬਿਉਰੋ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਲਈ ਕਿਉਂ ਗਿਆ ਸੀ? ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਵਿਜੀਲੈਂਸ ਦੀ ਕਾਰਵਾਈ 'ਤੇ ਸਵਾਲ ਚੁੱਕਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਇਹ ਭ੍ਰਿਸ਼ਟਾਚਾਰ 'ਚ ਨੱਕੋ-ਨੱਕ ਡੁੱਬੇ ਹੋਏ ਹਨ।
ਅਹੁਦਿਆਂ ਦੀ ਦੁਰਵਰਤੋਂ: ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਕਾਫ਼ੀ ਜਾਇਦਾਦ ਇਕੱਠੀ ਕਰਕੇ ਵੱਡੇ-ਵੱਡੇ ਮਹਿਲ ਉਸਾਰੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਮਹਿਲਾਂ ਦੀਆਂ ਕੰਧਾਂ ਉੱਚੀਆਂ ਸਨ ਅਤੇ ਗੇਟ ਆਮ ਤੌਰ ’ਤੇ ਲੋਕਾਂ ਲਈ ਬੰਦ ਹੀ ਰਹਿੰਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਲੋਕਾਂ ਦੀ ਪਹੁੰਚ ਤੋਂ ਬਾਹਰ ਰਹੇ, ਜਿਸ ਕਾਰਨ ਜਨਤਾ ਨੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ।
ਹਰ ਪੰਜਾਬੀ ਦੀ ਸਰਕਾਰ: ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਹੈ, ਜੋ ਸੂਬੇ ਦੇ ਲੋਕਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਹ ਨਾ ਤਾਂ ਬਾਦਲ ਦੀ ਸਰਕਾਰ ਹੈ ਅਤੇ ਨਾ ਹੀ ਕੈਪਟਨ ਦੀ, ਸਗੋਂ ਇਹ ਹਰ ਪੰਜਾਬੀ ਦੀ ਸਰਕਾਰ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਸੂਬੇ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਜਲਦੀ ਹੀ ਇੱਕ ਨਵਾਂ, ਅਗਾਂਹਵਧੂ ਅਤੇ ਗਤੀਸ਼ੀਲ ਪੰਜਾਬ ਸਿਰਜਿਆ ਜਾਵੇਗਾ।