ਸੰਗਰੂਰ: ਅੱਜ ਕੱਲ੍ਹ ਦੀ ਪੀੜ੍ਹੀ ਪੁਰਾਣੇ ਸਭਿਆਚਾਰ ਨੂੰ ਭੁਲਦੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਪੁਰਾਣੇ ਸਭਿਆਚਾਰ ਬਾਰੇ ਘੱਟ ਹੀ ਪਤਾ ਹੈ। ਜੇ ਆਪਾਂ ਚਾਲੀ ਪੰਜਾਹ ਸਾਲ ਪਿੱਛੇ ਜਾਈਏ ਤਾਂ ਉਦੋਂ ਖੂਹ, ਟਿੰਡਾਂ, ਚਰਖਾ, ਰੂੰ ਤੂੰਬਾ, ਤੰਦੂਰ, ਰੜਕਣਾ, ਆਮ ਪ੍ਰਚੱਲਤ ਚੀਜ਼ਾਂ ਸਨ ਇਨ੍ਹਾਂ ਚੀਜ਼ਾਂ 'ਚੋਂ ਇਕ ਹੁੰਦਾ ਸੀ ਪੁਰਾਤਨ ਸਭਿਆਚਾਰ ਦਾ ਸ਼ਿੰਗਾਰ ਗੱਡਾ, ਗੱਡਾ ਪੁਰਾਣੇ ਸਮਿਆਂ 'ਚ ਸਰਦੇ ਪੁਜਦੇ ਘਰਾਂ ਵਿਚ ਹੁੰਦਾ ਸੀ।
ਇਸੇ ਤਰ੍ਹਾਂ ਲਗਭਗ ਸੌ ਸਾਲ ਪੁਰਾਣੇ ਸਮੇਂ ਦਾ ਗੱਡਾ ਸਾਭੀ ਬੈਠੇ ਹਨ, ਪਿੰਡ ਬੱਲਰਾ ਦੇ ਕਿਸਾਨ ਮਿਸਰਾ ਸਿੰਘ, ਜਿਨ੍ਹਾਂ ਨੇ ਇਸ ਗੱਡੇ ਨਾਲ ਅਪਣੇ ਪ੍ਰਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕੀਤਾ। ਹੁਣ ਭਾਵੇਂ ਮਿਸਰਾ ਸਿੰਘ 102 ਸਾਲ ਦੀ ਸਵੱਸਥ ਉਮਰ ਭੋਗ ਕੇ ਅਜੇ ਪੰਦਰਾਂ ਕੁ ਦਿਨ ਪਹਿਲਾਂ ਹੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ, ਪਰ ਇਨ੍ਹਾਂ ਦਾ ਪ੍ਰਵਾਰ ਗੱਡੇ ਦੀ ਸੰਭਾਲ ਵਧੀਆ ਤਰੀਕੇ ਨਾਲ ਕਰ ਰਿਹਾ ਹੈ।
ਇਹ ਗੱਡਾ ਦੇਸ਼ ਦੀ ਆਜ਼ਾਦੀ ਤੋਂ ਲਗਭਗ ਵੀਹ ਸਾਲ ਪਹਿਲਾਂ ਭਾਵ 1927 ਦੇ ਨੇੜੇ-ਤੇੜੇ ਦਾ ਬਣਿਆ ਹੋਇਆ ਹੈ। ਇਸ ਗੱਡੇ ਤੇ ਪੁਰਾਤਨ ਕਲਾਕਾਰੀ ਅਜੇ ਵੀ ਕਾਇਮ ਹੈ। ਇਸ 'ਤੇ ਲਗਪਗ ਸੌ ਕਿਲੋ ਪਿੱਤਲ ਤੋਂ ਇਲਾਵਾ ਤਾਂਬਾ ਵੀ ਲੱਗਿਆ ਹੋਇਆ ਹੈ। ਮਿਸਰਾ ਸਿੰਘ ਦੇ ਪ੍ਰਵਾਰ ਨੇ ਗੱਡੇ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਅਸੀਂ ਅਨਾਜ ਦੀ ਸਾਰੀ ਢੋਆ-ਢੋਆਈ ਇਸ ਗੱਡੇ ਰਾਹੀਂ ਕਰਦੇ ਸੀ।