ਸੰਗੂਰਰ: ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੈ ਕੇ ਹੀ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਹੁਣ ਕੰਮਾਂ ਨੂੰ ਲੈ ਕੇ ਹੀ ਵੋਟ ਮੰਗੀ ਜਾਵੇਗੀ। ਇਹ ਕਹਿਣਾ ਹੈ ਵਿਰੋਧੀ ਧਿਰ ਦੇ ਨੇਤਾ ਤੇ ਆਪ ਦੇ ਵਿਧਾਇਕ ਹਰਪਾਲ ਚੀਮਾ ਦਾ।
ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਦਿਆ ਹਰਪਾਲ ਚੀਮਾ ਨੇ ਕਿਹਾ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ 'ਤੇ ਬਣੀ ਹੈ ਅਤੇ ਆਮ ਆਦਮੀ ਪਾਰਟੀ ਨੇ ਧਰਮ ਤੋਂ ਉੱਠ ਕੇ ਇਨ੍ਹਾਂ ਚੋਣਾਂ ਨੂੰ ਜਿੱਤਿਆ ਹੈ। ਆਮ ਆਦਮੀ ਪਾਰਟੀ ਨੇ ਧਰਮ ਦੀ ਰਾਜਨੀਤੀ ਨੂੰ ਨਾ ਅਪਣਾਉਂਦੇ ਹੋਏ ਵਿਕਾਸ ਦੀ ਨੀਤੀ ਤਹਿਤ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਪੰਜਾਬ ਦੇ ਵਿੱਚ ਦਿੱਲੀ ਮਾਡਲ ਤਹਿਤ ਲੋਕਾਂ ਤੋਂ ਵੋਟਾਂ ਮੰਗੀਆਂ ਜਾਣਗੀਆਂ। ਦਿੱਲੀ ਦੇ ਵਿੱਚ ਹੋਏ ਵਿਕਾਸ ਨੂੰ ਦਿਖਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ।
ਉਥੇ ਹੀ ਹਰਪਾਲ ਚੀਮਾ ਨੇ ਜਰਨੈਲ ਸਿੰਘ ਨੂੰ ਪੰਜਾਬ ਇੰਚਾਰਜ ਬਣਾਉਣ ਬਾਰੇ ਕਿਹਾ ਕਿ ਪਾਰਟੀ ਦੇ ਵਿੱਚ ਜੋ ਲੋਕ ਰੁੱਸੇ ਹੋਏ ਹਨ, ਉਨ੍ਹਾਂ ਨੂੰ ਮਨਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਜਰਨੈਲ ਸਿੰਘ ਦਾ ਕੰਮ ਪਾਰਟੀ ਨੂੰ ਪੰਜਾਬ ਦੇ ਵਿੱਚ ਅੱਗੇ ਕਿਵੇਂ ਵਧਾਉਣਾ ਹੈ ਦੇਖਣਾ ਹੋਵੇਗਾ।