ਸੰਗਰੂਰ: ਪੰਜਾਬ ਵਿੱਚ ਨਸ਼ੇ ਦਾ 6ਵਾਂ ਦਰਿਆ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਇਹ ਦਰਿਆ ਆਪਣੇ ਨਾਲ ਨੌਜਵਾਨਾਂ ਨੂੰ ਰੋੜ ਕੇ ਲਿਜਾ ਰਿਹਾ ਹੈ। ਅਜਿਹਾ ਹੀ ਇੱਕ ਪਰਿਵਾਰ ਜ਼ਿਲ੍ਹਾ ਸੰਗਰੂਰ ਦੇ ਨਾਲ ਲੱਗਦੇ ਪਿੰਡ ਲੱਡੀ ਦਾ ਹੈ, ਜਿਹਨਾਂ ਦਾ 28 ਸਾਲ ਦਾ ਇਕਲੋਤਾ ਜਵਾਨ ਪੁੱਤਰ ਚਿੱਟੇ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ। ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਮਾਂ ਗੁਰਮੇਲ ਕੌਰ ਨੇ ਸੋਚਿਆ ਕਿ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ਿਆਂ ਦੀ ਭੇਟ ਨਾ ਚੜ੍ਹੇ, ਇਸ ਕਰਕੇ ਗੁਰਮੇਲ ਕੌਰ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰ ਰਹੀ ਹੈ।
ਨਸ਼ੇ ਨੇ ਕਿਵੇਂ ਕੀਤਾ ਪਰਿਵਾਰ ਤਬਾਹ:ਸਾਡੇ ਸਾਥੀ ਰਵੀ ਕੁਮਾਰ ਨਾਲ ਗੱਲਬਾਤ ਕਰਦਿਆ ਪੀੜਤ ਗੁਰਮੇਲ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਵਿਆਹ ਤੋਂ ਬਾਅਦ ਜ਼ਿਆਦਾ ਨਸ਼ਾ ਕਰਨ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਉਹ ਚਿੱਟੇ ਦਾ ਵੀ ਨਸ਼ਾ ਕਰਨ ਲੱਗ ਗਿਆ ਸੀ ਅਤੇ ਰਾਤ ਨੂੰ ਜਦੋਂ ਉਹ ਘਰ ਆਉਂਦਾ ਸੀ ਤਾਂ ਦਾਰੂ ਵੀ ਪੀ ਕੇ ਆਉਂਦਾ ਸੀ। ਜਿਸ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਅਤੇ ਸਾਡੇ ਨਾਲ ਵੀ ਕੁੱਟਮਾਰ ਕਰਦਾ ਸੀ, ਜਿਸ ਕਾਰਨ ਮੈਂ ਆਪਣੇ ਘਰਵਾਲੇ ਨੂੰ ਨਾ ਲੈ ਕੇ ਨਾਲ ਦੇ ਪਿੰਡ ਪਾਸੇ ਚਲੀ ਗਈ ਸੀ। ਉੱਥੇ ਕਿਸੇ ਦਾ ਕੰਮ ਕਰਕੇ ਰੋਟੀ ਬਣਾ ਕੇ ਉੱਥੇ ਰਹਿਣ ਲੱਗੇ। ਕਿਉਂਕਿ ਮੇਰੇ ਘਰ ਵਾਲੇ ਦੀ ਰੀੜ ਦੀ ਹੱਡੀ ਟੁੱਟੀ ਹੋਈ ਹੈ, ਜਿਸ ਕਾਰਨ ਉਹ ਕੋਈ ਕੰਮ ਨਹੀਂ ਕਰ ਸਕਦਾ ਤਾਂ ਮੈਂ ਉਸਨੂੰ ਵੀ ਨਾਲ ਹੀ ਲੈ ਗਈ ਸੀ।