ਮੂਨਕ/ਸੰਗਰੂਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 21 ਜੁਲਾਈ ਨੂੰ ਬਾਰਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਵਿੱਚ ਪੇਂਡੂ ਵਿਦਿਆਰਥੀਆਂ ਨੇ ਜ਼ਿਆਦਾ ਮੱਲਾਂ ਮਾਰੀਆਂ ਹਨ।
ਮੂਨਕ ਦੀ ਗੁਰਲੀਨ ਕੌਰ ਨੇ ਬਾਰਵੀਂ 'ਚ ਲਏ 98.67 ਫ਼ੀਸਦ ਅੰਕ ਲਹਿਰਾਗਾਗਾ ਦੇ ਮੂਨਕ ਦੀ ਰਹਿਣ ਵਾਲੀ ਗੁਰਲੀਨ ਕੌਰ ਨੇ ਬਾਰਵੀਂ ਜਮਾਤ ਦੇ ਇਮਤਿਹਾਨਾਂ ਵਿੱਚ 98.67 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਗੁਰਲੀਨ ਨੇ ਦੱਸਿਆ ਕਿ ਉਸ ਦੇ 450 ਅੰਕਾਂ ਵਿੱਚ 444 ਅੰਕ ਆਏ ਹਨ। ਇਨ੍ਹਾਂ ਅੰਕਾਂ ਦੇ ਨਾਲ ਉਸ ਦੀ ਸੰਗਰੂਰ ਜ਼ਿਲ੍ਹੇ ਵਿੱਚ ਪਹਿਲੀ ਪੁਜ਼ੀਸ਼ਨ ਬਣਦੀ ਹੈ।
ਸੂਬੇ ਦੇ ਹੋਰ ਵਿਦਿਆਰਥੀਆਂ ਨੂੰ ਆਪਣੇ ਅਨੁਭਵ ਬਾਰੇ ਦੱਸਦਿਆਂ ਉਸ ਨੇ ਕਿਹਾ ਕਿ ਉਹ ਕਦੇ ਵੀ ਰੈਗੂਲਰ ਨਹੀਂ ਪੜ੍ਹਦੀ ਸੀ, ਬਲਕਿ ਵਿੱਚ-ਵਿੱਚ ਬ੍ਰੇਕ ਵੀ ਲੈ ਲੈਂਦੀ ਸੀ।
ਉਸ ਨੇ ਦੱਸਿਆ ਕਿ ਕੁੱਝ ਚਿਰ ਪਹਿਲਾਂ ਉਹ ਕਾਫ਼ੀ ਬੀਮਾਰ ਹੋ ਗਈ ਸੀ, ਪਰ ਇਸ ਦੇ ਬਾਵਜੂਦ ਵੀ ਉਸ ਦੀ ਕੀਤੀ ਹੋਈ ਮਿਹਨਤ ਰੰਗ ਲਿਆਈ ਹੈ।
ਗੁਰਲੀਨ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ ਉੱਤੇ ਆਈ ਹੈ।
ਉੱਥੇ ਹੀ ਗੁਰਲੀਨ ਦੇ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਆਪਣੀ ਧੀ ਉੱਤੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਉਸ ਨੇ ਮੇਰਾ ਹੀ ਨਹੀਂ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਸ ਨੇ ਕਿਹਾ ਕਿ ਭਾਵੇਂ ਮੈਂ ਇੱਕ ਛੋਟੀ ਜਿਹੀ ਨੌਕਰੀ ਕਰਦਾਂ ਹਾਂ, ਪਰ ਆਪਣੀ ਧੀ ਅੱਗੇ ਤੱਕ ਪੜ੍ਹਾਉਂਗਾ।
ਗੁਰਲੀਨ ਦੇ ਅਧਿਆਪਕ ਕਰਨੈਲ ਸਿੰਘ ਨੇ ਦੱਸਿਆ ਕਿ ਗੁਰਲੀਨ ਬਹੁਤ ਹੀ ਮਿਹਨਤੀ ਲੜਕੀ ਹੈ। ਉਹ ਬੀਮਾਰ ਵੀ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਉਹ ਨੇ ਜ਼ਿਲ੍ਹੇ ਵਿੱਚ ਟਾਪ ਕੀਤਾ ਹੈ। ਪੂਰੇ ਸਕੂਲ ਦੇ ਸਟਾਫ਼ ਅਤੇ ਮੂਨਕ ਵਾਸੀਆਂ ਨੂੰ ਗੁਰਲੀਨ ਉੱਤੇ ਬਹੁਤ ਦੀ ਮਾਣ ਮਹਿਸੂਸ ਹੋ ਰਿਹਾ ਹੈ।