ਸੰਗਰੂਰ: ਅਧਿਆਪਕ ਸਾਡੇ ਸਮਾਜ ਦਾ ਇੱਕ ਅਹਿਮ ਅੰਗ ਹਨ। ਸਾਡੇ ਸਮਾਜ ਨੂੰ ਉਸਾਰਣ 'ਚ ਅਧਿਆਪਕ ਦਾ ਇੱਕ ਅਹਿਮ ਯੋਗਦਾਨ ਹੁੰਦਾ ਹੈ। ਕੁਝ ਇਸੇ ਤਰ੍ਹਾਂ ਦੀ ਮਿਸਾਲ ਕਾਇਮ ਕਰ ਰਿਹਾ ਹੈ ਜ਼ਿਲ੍ਹਾ ਸੰਗਰੂਰ ਦਾ ਸਰਕਾਰੀ ਅਧਿਆਪਕ ਲੱਛਮਣ ਸਿੰਘ ਚੱਠਾ ਹੈ। ਲੱਛਮਣ ਸਿੰਘ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਮਿੱਟੀ ਤੋਂ ਬਣੇ ਕੌਲੇ ਵੰਡ ਕੇ ਪੰਛੀਆਂ ਨੂੰ ਪਾਣੀ ਪਿਆਉਣ ਦੀ ਅਪੀਲ ਕਰ ਰਿਹਾ ਹੈ। ਇਸੇ ਨਾਲ ਹੀ ਲੱਛਮਣ ਸਿੰਘ ਨੇ ਦੱਸਿਆ ਕਿ ਇਸ ਵਾਰ ਉਹ ਸਕੂਲੀ ਬੱਚਿਆਂ ਨੂੰ ਡਰਾਇੰਗ ਦੀਆਂ ਕਾਪੀਆਂ ਅਤੇ ਰੰਗ ਵੀ ਵੰਡ ਰਿਹਾ ਹੈ।
ਮਾਸਟਰ ਜੀ ਦੀ ਅਨੋਖੀ ਪਹਿਲ... ਆਪਣੇ ਇਸ ਕਾਰਜ ਬਾਰੇ ਲੱਛਮਣ ਸਿੰਘ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਹਰ ਸਾਲ ਗਰਮੀਆਂ ਵਿੱਚ ਮਿੱਟੀ ਦੇ ਕੌਲੇ ਵੰਡਦਾ ਹੈ ਅਤੇ ਲੋਕਾਂ ਨੂੰ ਇਨ੍ਹਾਂ ਵਿੱਚ ਪੰਛੀਆਂ ਅਤੇ ਜਨਵਰਾਂ ਲਈ ਪਾਣੀ ਰੱਖਣ ਦੀ ਅਪੀਲ ਕਰਦਾ ਹੈ। ਲੱਛਮਣ ਸਿੰਘ ਦੇ ਦੱਸਣ ਮੁਤਾਬਿਕ ਉਹ ਹਰ ਸਾਲ ਇਸ ਕਾਰਜ ਨੂੰ ਕਰਦਾ ਹੈ।
ਲੱਛਮਣ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਬੱਚਿਆਂ ਨੂੰ ਖਾਸਕਰ ਕੇ ਜੋੜਿਆ ਜਾ ਰਿਹਾ ਹੈ ਕਿਉਂਕਿ ਬੱਚੇ ਕੁਦਰਤ ਦੇ ਬਹੁਤ ਨਜ਼ਦੀਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਸ ਨੇ ਬੀਤੇ ਵਰ੍ਹੇ 1700 ਮਿੱਟੀ ਦੇ ਕੌਲੇ ਵੰਡੇ ਸਨ। ਇਸ ਵਰ੍ਹੇ ਹਾਲੇ ਇਹ ਕਾਰਜ ਜਾਰੀ ਹੈ। ਉਸ ਨੇ ਦੱਸਿਆ ਕਿ ਡਰਾਇੰਗ ਦੀਆਂ ਕਾਪੀਆਂ ਅਤੇ ਰੰਗ ਵੰਡ ਕੇ ਬੱਚਿਆਂ ਨੂੰ ਵਾਤਾਵਰਣ ਅਤੇ ਪਸ਼ੂ-ਪੰਛੀਆਂ ਦੀ ਡਰਾਇੰਗ ਕਰਨ ਲਈ ਪ੍ਰੇਰਨਾ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਇਸੇ ਤਰ੍ਹਾਂ ਹੀ ਕੁਦਰਤ ਨਾਲ ਜੁੜ੍ਹੇ ਰਹਿਣ।
ਲੱਛਮਣ ਸਿੰਘ ਨੇ ਦੱਸਿਆ ਕਿ ਆਧੁਨਿਕ ਘਰਾਂ ਦੇ ਨਿਰਮਾਣ ਅਤੇ ਜੀਵਨ ਸ਼ੈਲੀ ਨੇ ਮਨੁੱਖ ਨੂੰ ਕੁਦਰਤ ਤੋਂ ਬਹੁਤ ਦੂਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਮਨੁੱਖ ਅਤੇ ਪਸ਼ੂ-ਪੰਛੀ ਇੱਕਠੇ ਰਹਿੰਦੇ ਸਨ ਤੇ ਪੰਛੀਆਂ ਨੂੰ ਪਾਣੀ ਅਤੇ ਖਾਣੇ ਦੀ ਕੋਈ ਦਿੱਕਤ ਨਹੀਂ ਆਉਂਦੀ ਸੀ। ਹੁਣ ਇਹ ਸਭ ਕੁਝ ਬਦਲ ਚੁੱਕਿਆ ਹੈ ਅਤੇ ਅੱਜ ਕਲ ਨਾ ਤਾਂ ਨਲਕੇ ਅਤੇ ਅਜਿਹੀਆਂ ਥਾਵਾਂ ਬਚੀਆਂ ਹਨ ਜਿੱਥੇ ਪੰਛੀ ਅਤੇ ਪਸ਼ੂ ਪਾਣੀ ਪੀ ਸਕਣ। ਇਸੇ ਲਈ ਜ਼ਰੂਰੀ ਹੈ ਕਿ ਮਨੁੱਖ ਇਨ੍ਹਾਂ ਦੇ ਪਾਣੀ ਅਤੇ ਖਾਣੇ ਦਾ ਪ੍ਰਬੰਧ ਕਰੇ। ਲੱਛਮਣ ਸਿੰਘ ਚੱਠਾ ਬਤੌਰ ਅਧਿਆਪਕ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।