ਸੰਗਰੂਰ ਵਿੱਚ ਭਿਆਨਕ ਹਾਦਸਾ, ਗੈਸ ਸਿਲੰਡਰ ਫਟਿਆ, ਤਿੰਨ ਜ਼ਖਮੀ ਸੰਗਰੂਰ : ਸੰਗਰੂਰ 'ਚ ਵੱਡਾ ਹਾਦਸਾ ਵਾਪਰਿਆ ਹੈ ਤੇ ਇਸ ਨਾਲ ਤਿੰਨ ਲੋਕਾਂ ਦਾ ਸਰੀਰਕ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਿਕ ਸੰਗਰੂਰ ਤੋਂ ਧੂਰੀ ਜਾਣ ਵਾਲੇ ਫਲਾਈਓਵਰ ਹੇਠਾਂ ਗੁਬਾਰਿਆਂ ਵਿੱਚ ਗੈਸ ਭਰਨ ਵਾਲਾ ਸਿਲੰਡਰ ਫੱਟਣ ਨਾਲ ਇਕ ਬੱਚੇ ਸਣੇ 3 ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਗੁਬਾਰੇ ਵੇਚਣ ਵਾਲੇ ਵਿਅਕਤੀ ਅਤੇ ਉਸਦੇ 9ਵੀਂ ਜਮਾਤ 'ਚ ਪੜ੍ਹਦੇ ਪੁੱਤਰ ਦੀਆਂ ਦੋਵੇਂ ਲੱਤਾਂ ਸਰੀਰ ਤੋਂ ਅਲੱਗ ਹੋ ਗਈਆਂ ਹਨ।
ਇਸ ਦੌਰਾਨ ਗੁਬਾਰੇ ਖਰੀਦਣ ਖੜ੍ਹੇ ਇਕ ਪੁਲਿਸ ਮੁਲਾਜ਼ਮ ਨੂੰ ਵੀ ਸੱਟਾਂ ਵੱਜੀਆਂ ਹਨ। ਦੋਹਾਂ ਪਿਓ-ਪੁੱਤ ਦੀਆਂ ਲੱਤਾਂ ਧਮਾਕੇ ਕਾਰਨ ਕੱਟ ਗਈਆਂ ਅਤੇ ਉਨ੍ਹਾਂ ਦੇ ਮੂੰਹ 'ਤੇ ਵੀ ਗੰਭੀਰ ਸੱਟਾਂ ਵੱਜੀਆਂ ਹਨ। ਫਿਲਹਾਲ ਦੋਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਕ ਪੁਲਸ ਮੁਲਾਜ਼ਮ ਵੀ ਆਪਣੇ ਪਰਿਵਾਰ ਨਾਲ ਗੁਬਾਰੇ ਲੈਣ ਆਇਆ ਸੀ। ਉਹ ਵੀ ਗੰਭੀਰ ਜ਼ਖਮੀ ਹੋ ਗਿਆ।ਉੱਧਰ ਐਸਡੀਐਮ ਨੇ ਕਿਹਾ ਹੈ ਕਿ ਇਹ ਸੁਰੱਖਿਆ ਵਿੱਚ ਕੋਈ ਕੁਤਾਹੀ ਵਾਲਾ ਮਾਮਲਾ ਨਹੀਂ ਹੈ। ਇਹ ਅਚਾਨਕ ਵਾਪਰੀ ਘਟਨਾ ਹੈ, ਜਿਸ ਵਿਚ ਇਹ ਵਿਅਕਤੀ ਨੁਕਸਾਨੇ ਗਏ ਹਨ।
ਇਹ ਵੀ ਪੜ੍ਹੋ:Khalistan Zindabad slogans: ਸਾਬਕਾ ਸੀਐਮ ਬੇਅੰਤ ਸਿੰਘ ਮੈਮੋਰੀਅਲ ਦੇ ਬਾਹਰ ਲਿਖੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ
ਪਹਿਲਾਂ ਵੀ ਹੋ ਚੁੱਕੇ ਹਨ ਹਾਦਸੇ:ਪਿਛਲੇ ਸਾਲ 2022 ਵਿੱਚ ਬਠਿੰਡਾ ਦੇ ਵਿੱਚ ਗੁਬਾਰੇ ਵਾਲੀ ਟੈਂਕੀ ਫਟਣ ਨਾਲ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕਣ ਗਏ ਪਿਉ-ਪੁੱਤ ਦੇ ਬੁਰੀ ਤਰ੍ਹਾਂ ਝੁਲਸ ਗਏ ਸੀ। ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਵਾਸੀ ਪਿੰਡ ਮਠੋਲਾ ਪਰਿਵਾਰ ਸਮੇਤ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕਣ ਲਈ ਗਿਆ ਹੋਇਆ ਸੀ। ਮੇਲੇ ਦੌਰਾਨ ਉਸ ਦਾ 5 ਸਾਲਾ ਮੁੰਡਾ ਏਕਮਜੀਤ ਸਿੰਘ ਗੁਬਾਰੇ ਲੈਣ ਲਈ ਜ਼ਿੱਦ ਕਰਨ ਲੱਗ ਪਿਆ। ਜਦੋਂ ਉਕਤ ਵਿਅਕਤੀ ਆਪਣੇ ਮੁੰਡੇ ਨੂੰ ਗੁਬਾਰੇ ਲੈ ਕੇ ਦੇਣ ਲਈ ਗੁਬਾਰਿਆਂ ਵਾਲੇ ਕੋਲ ਪਹੁੰਚਿਆ ਤਾਂ ਅਚਾਨਕ ਗੁਬਾਰੇ ਵਾਲੀ ਟੈਂਕੀ, ਜਿਸ ਵਿੱਚ ਗੈਸ ਭਰੀ ਪਈ ਸੀ, ਫਟ ਗਈ ਅਤੇ ਜ਼ੋਰਦਾਰ ਧਮਾਕਾ ਹੋ ਗਿਆ।
ਇਸ ਧਮਾਕੇ ’ਚ ਉਕਤ ਦੋਵੋਂ ਪਿਉ-ਪੁੱਤ ਬੁਰੀ ਤਰ੍ਹਾਂ ਝੁਲਸ ਗਏ। ਇਸੇ ਤਰ੍ਹਾਂ ਸਾਲ 2021 ਵਿੱਚ ਵੀ ਬਠਿੰਡਾ ਵਿੱਚ ਗੁਬਾਰਿਆਂ ਵਿੱਚ ਹਵਾ ਭਰਨ ਵਾਲਾ ਗੈਸ ਸਿਲੰਡਰ ਫਟਣ ਕਾਰਨ ਗੁਬਾਰੇ ਵੇਚਣ ਵਾਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ ਇੱਥੇ ਪਾਰਸ ਰਾਮ ਨਗਰ ਖੇਤਰ ਵਿੱਚ ਵਾਪਰੀ। ਜ਼ਖ਼ਮੀ ਦੀ ਪਛਾਣ ਰਾਮ ਸਿੰਘ ਮਲੋਟ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਸੀ।