ਪੰਜਾਬ

punjab

By

Published : Feb 7, 2020, 9:17 AM IST

ETV Bharat / state

ਬੀਬੀ ਭੱਠਲ ਨੇ ਅਕਾਲੀਆਂ ਤੇ ਢੀਂਡਸਿਆਂ ਖ਼ਿਲਾਫ਼ ਕੱਢੀ ਭੜਾਸ

ਲਹਿਰਾਗਾਗਾ ਵਿਖੇ ਰੈਸਟ ਹਾਊਸ ਤੋਂ ਜਾਖ਼ਲ ਰੋਡ ਤੱਕ ਬਣੀ ਸੜਕ ਦੇ ਦੋਵੇਂ ਪਾਸੇ ਇੰਟਰਲਾਕ ਟਾਇਲਾਂ ਲਾਉਣ ਦੇ ਕੰਮ ਦਾ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦਿਆਂ ਅਕਾਲੀਆਂ ਦੇ ਖ਼ਿਲਾਫ਼ ਕਾਫ਼ੀ ਨਿਸ਼ਾਨੇ ਸਾਧੇ।

ਬੀਬੀ ਭੱਠਲ
ਬੀਬੀ ਭੱਠਲ

ਸੰਗਰੂਰ: ਲਹਿਰਾਗਾਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ 'ਤੇ ਲਿਆਉਣ ਦੀਆਂ ਗੱਲਾਂ 'ਤੇ ਤੰਜ ਕੱਸਦਿਆਂ ਬੀਬੀ ਭੱਠਲ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਬਾਦਲ ਦੀ ਜੇਬ 'ਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਕਲਦੇ ਹਨ, ਪਰ ਸੁਖਦੇਵ ਢੀਂਡਸਾ ਨੂੰ ਹੁਣ ਸਿਧਾਂਤਾਂ ਦੀ ਯਾਦ ਆਈ ਹੈ।

ਵੀਡੀਓ

ਜਦਕਿ ਅਕਾਲੀ ਦਲ ਦੀ ਪ੍ਰਧਾਨਗੀ ਲਈ ਸੁਖਬੀਰ ਬਾਦਲ ਦਾ ਨਾਂਅ ਸਭ ਤੋਂ ਪਹਿਲਾਂ ਢੀਂਡਸਿਆਂ ਨੇ ਹੀ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਲਹਿਰਾਗਾਗਾ ਹਲਕੇ ਨੂੰ ਲਾਵਾਰਿਸ ਸਮਝਿਆ ਹੋਇਆ ਹੈ। ਇੱਥੇ ਚੰਦੂਮਾਜਰਾ ਤੇ ਢੀਂਡਸਾ ਅਹਿਮਦ ਸ਼ਾਹ ਅਬਦਾਲੀ ਬਣ ਕੇ ਕਦੇ-ਕਦੇ ਪਹੁੰਚ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਵੱਲੋਂ ਵੱਖਰਾ ਰਾਹ ਚੁਣਨ ਤੋਂ ਬਾਅਦ ਹੁਣ 17 ਸਾਲਾਂ ਬਾਅਦ ਮੁੜ ਚੰਦੂਮਾਜਰਾ ਨੂੰ ਲਹਿਰਾ ਹਲਕੇ ਦੀ ਯਾਦ ਆ ਗਈ ਹੈ। ਪੰਜਾਬ ਅੰਦਰ ਚੱਲ ਰਹੇ ਰੇਤ ਮਾਫ਼ੀਆ, ਨਸ਼ਾ ਮਾਫ਼ੀਆ ਤੇ ਗੈਂਗਸਟਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ 2007 ਤੱਕ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੁੱਝ ਨਹੀਂ ਸੀ, ਪਰ ਅਕਾਲੀਆਂ ਵੱਲੋਂ 10 ਸਾਲਾਂ ਦੇ ਰਾਜ ਦੌਰਾਨ ਬੀਜੇ ਸਾਰੇ ਕੰਢੇ ਹੁਣ ਸਾਨੂੰ ਚੁਗਣੇ ਪੈ ਰਹੇ ਹਨ।

ਦਿੱਲੀ ਚੋਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਸਿਆਸਤ ਕੱਢੀ ਹੈ, ਜਿਵੇਂ ਧਰਮ 'ਚੋਂ ਅਕਾਲੀ ਦਲ ਨੇ। ਨੇੜਲੇ ਪਿੰਡ ਗਿਦੜਿਆਣੀ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਦੇ ਹੋ ਰਹੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੀ ਗੱਲ ਸ਼ਾਂਤਮਈ ਢੰਗ ਨਾਲ ਕਰਨ ਦਾ ਹੱਕ ਹੈ। ਕਾਂਗਰਸ ਪਾਰਟੀ ਅਮਨ ਤੇ ਸ਼ਾਂਤੀ ਚਾਹੁੰਦੀ ਹੈ, ਹਰ ਗੱਲ ਬੈਠ ਕੇ ਸੁਲਝਾਈ ਜਾ ਸਕਦੀ ਹੈ, ਸਾਨੂੰ ਟਕਰਾਅ ਵਾਲੀ ਨੀਤੀ ਤੇ ਨਹੀਂ ਜਾਣਾ ਚਾਹੀਦਾ। ਹਰ ਇੱਕ ਨੂੰ ਆਪਣੀ ਮਰਜ਼ੀ ਨਾਲ ਧਰਮ ਪ੍ਰਚਾਰ ਕਰਨ ਦੀ ਖੁੱਲ੍ਹ ਹੈ।

ABOUT THE AUTHOR

...view details