ਸੰਗਰੂਰ:ਲੋਕ ਸਭਾ ਹਲਕਾ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੂੰ ਲੈਕੇ ਅੱਜ ਵੋਟਿੰਗ ਹੋ ਰਹੀ ਹੈ। ਜਿਸ ਦੇ ਚੱਲਦਿਆਂ ਜਿਥੇ ਆਮ ਲੋਕਾਂ ਵਲੋਂ ਵੋਟਿੰਗ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਹਲਕੇ 'ਚ ਪੈਂਦੇ ਸਿਆਸੀ ਆਗੂਆਂ ਵਲੋਂ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵਲੋਂ ਵੀ ਆਪਣੇ ਪਰਿਵਾਰ ਸਮੇਤ ਵੋਟ ਭੁਗਤਾਈ ਗਈ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਵਲੋਂ ਬਦਲਾਅ ਦੇ ਚੱਲਦਿਆਂ ਸਰਕਾਰ ਨੂੰ ਚੁਣਿਆ ਗਿਆ ਸੀ, ਉਨ੍ਹਾਂ ਦਾ ਹੁਣ ਮੋਹ ਭੰਗ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਕਾਂਗਰਸ ਨੂੰ ਹੀ ਵੋਟ ਪਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ 'ਤੇ ਸਵਾਲ ਵੀ ਖੜੇ ਕੀਤੇ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਨਿਤ ਦਿਨ ਹੁੰਦੇ ਕਤਲਾਂ ਤੋਂ ਲੋਕ ਡਰ ਚੁੱਕੇ ਹਨ। ਜਿਸ ਕਾਰਨ ਤਿੰਨ ਮਹੀਨਿਆਂ 'ਚ ਹੀ ਲੋਕ ਇਸ ਸਰਕਾਰ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਆਉਣ ਨਾਲ ਕਾਨੂੰਨ ਵਿਵਸਥਾ 'ਚ ਕਾਫ਼ੀ ਨਿਘਾਰ ਆਇਆ ਹੈ।